ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਾਰਚ
ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਸਥਿਤ ਗੁਰੂ ਨਾਨਕ ਡਿਸਪੈਂਸਰੀ ਵਿੱਚ ਨਵੀਂ ਕੈਂਸਰ ਓਪੀਡੀ ਸਥਾਪਤ ਕੀਤੀ ਗਈ ਹੈ, ਜਿਸ ਵਿੱਚ ਆਧੁਨਿਕ ਤਰੀਕੇ ਨਾਲ ਕੈਂਸਰ ਬਾਰੇ ਮਰੀਜ਼ਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਦਿੱਲੀ-ਐਨਸੀਆਰ ਵਿੱਚ ਇਸ ਤਰ੍ਹਾਂ ਦੀ ਓਪੀਡੀ ਨਹੀਂ ਹੈ ਜੋ ਲੋਕਾਂ ਦਾ ਬਹੁਤ ਹੀ ਸਸਤਾ ਇਲਾਜ ਕਰਦੀ ਹੋਵੇ। ਉਨ੍ਹਾਂ ਕਿਹਾ ਕਿ ਇਲਾਕੇ ਦੀ ਸੰਗਤ ਵੱਲੋਂ ਗੁਰੂ ਨਾਨਕ ਡਿਸਪੈਂਸਰੀ ਲਈ ਕਈ ਆਧੁਨਿਕ ਮਸ਼ੀਨਾਂ ਮਹੁੱਈਆ ਕਰਵਾਈਆਂ ਗਈਆਂ ਹਨ ਤੇ ਕਈ ਸਨਅਤਕਾਰਾਂ ਦਾ ਵੀ ਯੋਗਦਾਨ ਹੈ।
ਉਨ੍ਹਾਂ ਦੱਸਿਆ ਕਿ ਡਾ. ਮਨਦੀਪ ਸਿੰਘ ਤੇ ਡਾ. ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਸਿੱਖਿਅਤ ਟੀਮ ਤਾਇਨਾਤ ਕੀਤੀ ਗਈ ਹੈ ਜੋ ਕੈਂਸਰ ਨਾਲ ਜੁੜੀ ਜਾਣਕਾਰੀ ਸਵੇਰੇ ਤੋਂ ਦੁਪਹਿਰ ਤੱਕ ਲੋਕਾਂ ਨੂੰ ਦੇਣਗੇ। ਇਸ ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦਾ ਕਾਫ਼ੀ ਫਾਇਦਾ ਹੋਵੇਗਾ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਵੀ ਲਾਹਾ ਮਿਲੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਹਿਲਾਂ ਡਿਸਪੈਂਸਰੀ ਵਿੱਚ ਅੱਗ ਲੱਗਣ ਕਾਰਨ ਖਾਸਾ ਨੁਕਸਾਨ ਹੋ ਗਿਆ ਸੀ ਜਿਸ ਕਰਕੇ ਇਸ ਓਪੀਡੀ ਲਈ ਵੱਖਰਾ ਉਪਰਾਲਾ ਕਰਨਾ ਪਿਆ। ਓਪੀਡੀ ਦਾ ਨਿਰੀਖਣ ਕਰਨ ਲਈ ਪ੍ਰਧਾਨ ਤੋਂ ਇਲਾਵਾ ਇੰਦਰਜੀਤ ਸਿੰਘ ਖੰਨਾ, ਤੇਜਿੰਦਰ ਸਿੰਘ ਗੋਇਆ, ਹਰਬੰਸ ਸਿੰਘ ਭਾਟੀਆ ਤੇ ਹਰਸਿਮਰਨ ਸਿੰਘ ਤੇ ਹੋਰ ਸੱਜਣ ਵੀ ਪਹੁੰਚੇ।