ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਦਿੱਲੀ ਪੁਲੀਸ ਨੇ ਇੱਕ ਲੜਕੀ ਦੀਆਂ ਤਸਵੀਰਾਂ ਪੋਸਟ ਕਰਨ, ਉਸ ਦੀ ਜਾਅਲੀ ਪ੍ਰੋਫਾਈਲ ਬਣਾਉਣ ਤੇ ਉਸ ਦਾ ਮੋਬਾਈਲ ਨੰਬਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪਾਉਣ ਦੇ ਦੋਸ਼ ਵਿੱਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਲੜਕੀ ਨੂੰ ਅਗਿਆਤ ਨੰਬਰਾਂ ਤੋਂ ਆ ਰਹੀਆਂ ਕਾਲਾਂ ਨੇ ਡਰਾ ਦਿੱਤਾ ਸੀ।
ਸ਼ਿਕਾਇਤਕਰਤਾ ਦੱਖਣੀ ਦਿੱਲੀ ਦੇ ਜ਼ਿਲ੍ਹਾ ਸਾਈਬਰ ਸੈੱਲ ਕੋਲ ਪੁੱਜੀ ਤੇ ਐੱਫਆਈਆਰ ਦਰਜ ਕਰਵਾਈ। ਪੁਲੀਸ ਨੜੇ ਪੜਤਾਲ ਲਈ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਈਮੇਲ ਭੇਜੇ ਗਏ ਸਨ ਤੇ ਪੂਰੇ ਵਿਸ਼ਲੇਸ਼ਣ ਤੋਂ ਬਾਅਦ ਇਕ ਸ਼ੱਕੀ ਵਿਅਕਤੀ ਜਿਸ ਦੀ ਪਛਾਣ ਉਮੇਸ਼ ਕੁਮਾਰ ਵਜੋਂ ਹੋਈ ਹੈ, ਨੂੰ ਕਾਬੂ ਕਰ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਸੰਗਮ ਵਿਹਾਰ ਦਾ ਵਸਨੀਕ, ਦਿੱਲੀ ਯੂਨੀਵਰਸਿਟੀ ਤੋਂ ਪੜ੍ਹ ਰਿਹਾ ਹੈ। ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਉਸ ਦੀ ਪੀੜਤ ਦੀ ਵੱਡੀ ਭੈਣ ਨਾਲ ਦੋਸਤੀ ਸੀ।
ਡੀਸੀਪੀ ਅਤੁਲ ਠਾਕੁਰ ਨੇ ਕਿਹਾ ਕਿ ਇਸ ਸਾਲ ਮਾਰਚ ਵਿਚ ਉਸ ਦੀ ਦੋਸਤੀ ਖ਼ਤਮ ਹੋ ਗਈ ਜਿਸ ਲਈ ਉਸ ਨੇ ਪੀੜਤ ਨੂੰ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਉਸ ਨੇ ਇੱਕ ਫਰਜ਼ੀ ਪ੍ਰੋਫਾਈਲ ਬਣਾਉਣ ਤੇ ਅਸ਼ਲੀਲ ਪੋਸਟਾਂ ਅਤੇ ਉਨ੍ਹਾਂ ਨਾਲ ਟਿੱਪਣੀਆਂ ਪੋਸਟ ਕਰਨ ਲਈ ਆਪਣੀਆਂ ਤਸਵੀਰਾਂ ਦੀ ਵਰਤੋਂ ਕਰ ਕੇ ਆਪਣੀ ਦੋਸਤ ਦੀ ਛੋਟੀ ਭੈਣ ਨੂੰ ਤੰਗ ਕਰਨ ਦਾ ਫ਼ੈਸਲਾ ਕੀਤਾ।