ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਪਰੈਲ
ਦਿੱਲੀ ਦੇ ਖੇਤੀਬਾੜੀ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਐਫਸੀਆਈ ਨੇ ਹਾਲੇ ਤੱਕ ਦਿੱਲੀ ਵਿੱਚ ਕਣਕ ਦੀ ਖਰੀਦ ਲਈ ਇੱਕ ਵੀ ਕਾਊਂਟਰ ਨਹੀਂ ਖੋਲ੍ਹਿਆ ਹੈ ਤੇ ਝੂਠੇ ਦਾਅਵੇ ਕੀਤੇ ਹਨ ਕਿ 1 ਅਪਰੈਲ ਤੋਂ ਐੱਮਐੱਸਪੀ ’ਤੇ ਖਰੀਦ ਸ਼ੁਰੂ ਹੋ ਚੁੱਕੀ ਹੈ ਜਦੋਂ ਕਿ ਕਾਊਂਟਰ ਖੋਲ੍ਹਣ ਲਈ ਤਿੰਨ ਵਾਰ ਐੱਫਸੀਆਈ ਨੂੰ ਲਿਖਿਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਫਸਲਾਂ ਤੇ ਐੱਫਸੀਆਈ ਖਰੀਦਾਂ ਦਾ ਐੱਮਐਸਪੀ ਨਿਰਧਾਰਤ ਕਰਦੀ ਹੈ ਪਰ ਭਾਜਪਾ ਝੂਠੇ ਦੋਸ਼ ਲਾ ਰਹੀ ਹੈ ਕਿ ਦਿੱਲੀ ਸਰਕਾਰ ਐੱਮਐੱਸਪੀ ’ਤੇ ਕਣਕ ਨਹੀਂ ਖਰੀਦ ਰਹੀ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਵੱਲੋਂ ਐੱਮਐੱਸਪੀ ’ਤੇ ਫਸਲ ਖਰੀਦਣ ਦੇ ਭਰੋਸੇ ਦੀ ਸੱਚਾਈ ਹੈ ਤੇ ਇਸ ਲਈ ਐੱਮਐੱਸਪੀ ਦਾ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਹੈ। ਸਾਡੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਨਜਫਗੜ੍ਹ ਤੇ ਨਰੇਲਾ ਮੰਡੀ ਵਿੱਚ ਐੱਮਐੱਸਪੀ ਤੋਂ ਤੁਰੰਤ ਖਰੀਦ ਸ਼ੁਰੂ ਕੀਤੀ ਜਾਵੇ ਅਤੇ ਇੱਕ ਅਪਰੈਲ ਤੋਂ ਦਿੱਲੀ ਵਿੱਚ ਖ਼ਰੀਦਦਾਰੀ ਦੇ ਝੂਠੇ ਦਾਅਵੇ ਦੀ ਪੜਤਾਲ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਦਿੱਲੀ ਦੇ ਖੇਤੀਬਾੜੀ ਮੰਤਰੀ ਗੋਪਾਲ ਰਾਏ ਅੱਜ ਦਿੱਲੀ ਸਕੱਤਰੇਤ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਗੋਪਾਲ ਰਾਏ ਨੇ ਕਿਹਾ ਕਿ 11 ਫਰਵਰੀ ਨੂੰ ਖੇਤੀਬਾੜੀ ਵਿਭਾਗ ਵੱਲੋਂ ਐਫਸੀਆਈ ਨੂੰ ਇੱਕ ਪੱਤਰ ਲਿਖਿਆ ਸੀ ਕਿ ਕਣਕ ਦੀ ਫਸਲ ਆਉਣ ਵਾਲੀ ਹੈ ਅਤੇ ਖਰੀਦਣ ਲਈ ਦਿੱਲੀ ਦੀਆਂ ਮੰਡੀਆਂ ਵਿੱਚ ਤਿਆਰੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦੀ ਉਪਜ ਸਹੀ ਸਮੇਂ ਤੇ ਖਰੀਦੇ ਤਾਂ ਜੋ ਉਹ ਐਮਐਸਪੀ ਪ੍ਰਾਪਤ ਕਰ ਸਕਣ। ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਖੁਰਾਕ ਨਿਗਮ (ਐਫਸੀਆਈ) ਅਜੇ ਤੱਕ ਮੰਡੀਆਂ ਦੇ ਅੰਦਰ ਕਿਸਾਨਾਂ ਦੀ ਉਪਜ ਨੂੰ ਐੱਮਐੱਸਪੀ ਰੇਟ ’ਤੇ ਲੈਣ ਲਈ ਤਿਆਰ ਨਹੀਂ ਹੈ। ਕਿਸਾਨ ਆਪਣੀ ਫ਼ਸਲ ਲੈ ਕੇ ਮੰਡੀ ਵਿੱਚ ਆ ਰਹੇ ਹਨ ਅਤੇ ਵੱਖ ਵੱਖ ਰੇਟਾਂ ’ਤੇ ਆੜ੍ਹਤੀਆਂ ਨੂੰ ਵੇਚਣ ਲਈ ਮਜਬੂਰ ਹੋ ਰਹੇ ਹਨ।