ਨਵੀਂ ਦਿੱਲੀ, 11 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਉਹ ਦੇਸ਼ ਵਿੱਚ ਕਰੋਨਾ ਵੈਕਸੀਨ ਦੇ ਉਤਪਾਦਨ ਨੂੰ ਵਧਾਉਣ ਲਈ ਕੋਵਿਡ-19 ਤੋਂ ਬਚਾਅ ਲਈ ਦੋ ਨਿਰਮਾਤਾ ਕੰਪਨੀਆਂ ਵੱਲੋਂ ਤਿਆਰ (ਵੈਕਸੀਨ) ਫਾਰਮੂਲੇ ਨੂੰ ਹੋਰਨਾਂ ਕੰਪਨੀਆਂ ਨਾਲ ਸਾਂਝਾ ਕਰੇ। ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਵੈਕਸੀਨ ਦੀ ਵੱਡੀ ਕਿੱਲਤ ਹੈ ਤੇ ਅਗਲੇ ਕੁਝ ਮਹੀਨਿਆਂ ਵਿੱਚ ਹਰੇਕ ਦੇ ਟੀਕਾਕਰਨ ਲਈ ਕੌਮੀ ਨੀਤੀ ਵਿਕਸਤ ਕਰਦਿਆਂ ਵੈਕਸੀਨ ਦੇ ਉਤਪਾਦਨ ਨੂੰ ਜੰਗੀ ਪੱਧਰ ’ਤੇ ਵਧਾਉਣ ਦੀ ਵੱਡੀ ਤੇ ਜ਼ਰੂਰੀ ਲੋੜ ਹੈ। ਚੇਤੇ ਰਹੇ ਕਿ ਮੌਜੂਦਾ ਸਮੇਂ ਦੇਸ਼ ਵਿੱਚ ਪੁਣੇ ਅਧਾਰਿਤ ਭਾਰਤੀ ਸੀਰਮ ਇੰਸਟੀਚਿਊਟ (ਐੱਸਆਈਆਈ) ਤੇ ਹੈਦਰਾਬਾਦ ਅਧਾਰਿਤ ਭਾਰਤ ਬਾਇਓਟੈੱਕ ਵੱਲੋਂ ਕ੍ਰਮਵਾਰ ‘ਕੋਵੀਸ਼ੀਲਡ’ ਤੇ ‘ਕੋਵੈਕਸੀਨ’ ਨਾਂ ਹੇਠ ਕਰੋਨਾ ਤੋਂ ਬਚਾਅ ਲਈ ਵੈਕਸੀਨ ਦੀਆਂ ਖੁਰਾਕਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ‘ਕੋਵੀਸ਼ੀਲਡ’ ਆਕਸਫੋਰਡ ਤੇ ਐਸਟਰਾਜ਼ੈਨੇਕਾ ਵੱਲੋਂ ਕੀਤੀ ਖੋਜ ਤੇ ਫਾਰਮੂਲੇ ’ਤੇ ਅਧਾਰਿਤ ਹੈ ਜਦੋਂਕਿ ‘ਕੋਵੈਕਸੀਨ’ ਭਾਰਤ ਵਿੱਚ ਹੀ ਵਿਕਸਤ ਕੀਤੀ ਗਈ ਹੈ।
ਕੇੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੇਸ਼ ਵਿਚਲੇ ਸਾਰੇ ਵੈਕਸੀਨ ਉਤਪਾਦਨ ਪਲਾਂਟ ਕੋਵਿਡ ਵੈਕਸੀਨ ਦੀਆਂ ਖੁਰਾਕਾਂ ਦਾ ਉਤਪਾਦਨ ਸ਼ੁਰੂ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਦੇਸ਼ ਵਿੱਚ ਕਰੋਨਾ ਵੈਕਸੀਨ ਤਿਆਰ ਕਰਨ ਵਾਲੀਆਂ ਦੋਵਾਂ ਕੰਪਨੀਆਂ ਦਾ ਫਾਰਮੂਲਾ ਹੋਰਨਾਂ ਕੰਪਨੀਆਂ ਵੱਲੋਂ ਵਰਤੇ ਜਾਣ ਦੀ ਸੂਰਤ ਵਿੱਚ ਇਨ੍ਹਾਂ ਨੂੰ ਰੌਇਲਟੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਹੁਣ ਤੋਂ ਹੀ ਵੈਕਸੀਨ ਉਤਪਾਦਨ ਵੱਡੇ ਪੱਧਰ ’ਤੇ ਵਧਾਉਣ ਦੀ ਲੋੜ ਹੈ ਤਾਂ ਕਿ ਸਾਰਿਆਂ ਨੂੰ ਟੀਕੇ ਲੱਗ ਸਕਣ। -ਪੀਟੀਆਈ