ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
ਦਿੱਲੀ ਯੂਨੀਵਰਸਿਟੀ ਦੇ ਗੁਰੂ ਨਾਨਕ ਦੇਵ ਖਾਲਸਾ ਕਾਲਜ, ਦੇਵ ਨਗਰ ਨਵੀਂ ਦਿੱਲੀ ਦੇ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ‘ਕਲਮ’ ਵੱਲੋਂ ਵਿਸਾਖੀ ਦਾ ਰੰਗਾਰੰਗ ਤਿਉਹਾਰ ਮਨਾਇਆ ਗਿਆ। ਕਾਲਜ ਦੀ ਰਵਾਇਤ ਅਨੁਸਾਰ ਵਿਦਿਆਰਥੀਆਂ ਵੱਲੋਂ ‘ਦੀਵਾ ਬਲੇ ਅੰਧੇਰਾ ਜਾਏ’ ਸ਼ਬਦ ਗਾਇਨ ਰਾਹੀਂ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।
ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਨੇ ਇਸ ਤਿਉਹਾਰ ਦੀ ਪੁਰਾਤਨ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਜਿੱਥੇ ਇਸ ਦਾ ਸਬੰਧ ਫ਼ਸਲ ਪੱਕਣ ਦੀ ਖ਼ੁਸ਼ੀ ਨਾਲ ਹੈ, ਉੱਥੇ ਵਿਸਾਖੀ ਦਾ ਸਬੰਧ ਖਾਲਸਾ ਪੰਥ ਦੀ ਸਾਜਨਾ ਨਾਲ ਵੀ ਹੈ। ਪ੍ਰੋਗਰਾਮ ਦੀ ਕਨਵੀਨਰ ਡਾ. ਪਰਮਜੀਤ ਕੌਰ ‘ਪਾਹੁਲ’ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਖੇਪ ਇਤਿਹਾਸ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਵਿਦਿਆਰਥੀਆਂ ਵਿੱਚ ਇਸ ਕੌਮੀ ਤਿਉਹਾਰ ਮਨਾਉਣ ਲਈ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਕਵਿਤਾ ਕਵੀਸ਼ਰੀ ਤੇ ਦੇਸ਼ ਭਗਤੀ ਦੇ ਗੀਤਾਂ ਨਾਲ ਆਪਣੇ ਗਾਇਕੀ ਦੇ ਰੰਗ ਬਿਖੇਰ ਦਿੱਤੇ, ਦੂਜੇ ਪਾਸੇ ਲੇਖ ਰਚਨਾ ਅਤੇ ਪੋਸਟਰ ਮੇਕਿੰਗ ਰਾਹੀਂ ਆਪਣੀ ਕਲਾ ਤੇ ਹੁਨਰ ਦੀ ਪੇਸ਼ਕਾਰੀ ਵੀ ਕੀਤੀ। ਕਰੋਨਾ ਤੋਂ ਬਾਅਦ ਵਿਦਿਆਰਥੀਆਂ ਲਈ ਇਹ ਸੱਭਿਆਚਾਰਕ ਪ੍ਰੋਗਰਾਮ ਨੂੰ ਮਨਾਉਣ ਦਾ ਇਹ ਪਹਿਲਾ ਮੌਕਾ ਸੀ।
ਇਸ ਪ੍ਰੋਗਰਾਮ ਵਿਚ ਜੱਜਮੈਂਟ ਲਈ ਡਾ. ਰੇਨੂੰ ਦੁੱਗਲ (ਹਿੰਦੀ ਵਿਭਾਗ) ਅਤੇ ਡਾ. ਮਮਤਾ ਆਹੂਜਾ (ਅਰਥ ਸ਼ਾਸਤਰ ਵਿਭਾਗ) ਨੇ ਸੇਵਾ ਨਿਭਾਈ। ਅੰਤ ਵਿਚ ਡਾ. ਬੇਅੰਤ ਕੌਰ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੇ ਅਧਿਆਪਕਾਂ ਤੇ ਸੰਸਥਾ ਕਲਮ ਵਿਦਿਆਰਥੀ ਪ੍ਰਧਾਨ ਗੁਰਸ਼ਰਨ ਸਿੰਘ ਅਤੇ ਮੀਤ ਪ੍ਰਧਾਨ ਗਗਨਦੀਪ ਸਿੰਘ ਤੋਂ ਇਲਾਵਾ ਪੂਰੀ ਟੀਮ ਨੂੰ ਵਧਾਈ ਦਿੱਤੀ। ਦੱਸਣਯੋਗ ਹੈ ਕਿ ਪ੍ਰੋਗਰਾਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀਆਂ ਲਈ ਇਨਾਮ ਵੀ ਦਿੱਤੇ ਗਏ।