ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਸਤੰਬਰ
ਚਰਨਜੀਤ ਰਾਹੀ ਦਾ ਪਲੇਠਾ ਕਹਾਣੀ ‘ਫਿਰ ਮਿਲਾਂਗੇ’ ਪ੍ਰੈਸ ਕਲੱਬ ਆਫ਼ ਇੰਡੀਆ ’ਚ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ ਤੇ ਇਹ ਰਸਮ ਡਾ. ਰਵੇਲ ਸਿੰਘ, ਨਾਵਲਕਾਰ ਨਛੱਤਰ, ਦੂਰਦਰਸ਼ਨ ਦੇ ਸਾਬਕਾ ਅਧਿਕਾਰੀ ਸ਼ਰਦ ਦੱਤ, ਰਣਜੀਤ ਸਿੰਘ, ਅਮਨਪ੍ਰੀਤ ਤੇ ਜੋਗਿੰਦਰ ਯਾਦਵ ਨੇ ਨਿਭਾਈ। ਡਾ. ਰਵੇਲ ਸਿੰਘ ਨੇ ਕਿਹਾ ਕਿ ਕਹਾਣੀਆਂ ਪਾਠਕ ਨੂੰ ਮਨੁੱਖੀ ਵੇਦਨਾ ਤੇ ਸੰਵੇਦਨਾ ਨਾਲ ਜੋੜਦੀਆਂ ਹਨ ਤੇ ਥੁੜ੍ਹਾਂ ਮਾਰੇ ਤੇ ਸਾਧਨ ਭਰਪੂਰ ਲੋਕਾਂ ਦੀਆਂ ਇਹ ਕਹਾਣੀਆਂ ’ਚੋਂ ਪਾਠਕ ਆਪਣਾਪਣ ਤਲਾਸ਼ਦਾ ਹੈ। ਨਛੱਤਰ ਨੇ ਕਿਹਾ ਕਿ ਪ੍ਰੰਪਰਾ ਤੇ ਆਧੁਨਿਕਤਾ ਦੇ ਸੁਮੇਲ ਵਿੱਚੋਂ ਨਿਕਲੀਆਂ ਹਨ ਤੇ ਪਾਤਰ ਕਹਾਣੀਆਂ ਦੇ ਨਾਲ-ਨਾਲ ਤੁਰਦੇ ਜਾਂਦੇ ਹਨ। ਕਰੀਬ ਅੱਧੀਆਂ ਕਹਾਣੀਆਂ ਪੁਆਧੀ ਉਪ-ਬੋਲੀ ਵਿੱਚ ਲਿਖੀਆਂ ਗਈਆਂ ਜਿਸ ਵਿੱਚ ਬਹੁਤ ਘੱਟ ਸਾਹਿਤ ਸਿਰਜਿਆ ਗਿਆ ਹੈ। ਕਹਾਣੀਕਾਰ ਨੇ ਖ਼ੁਦ ਕਿਹਾ ਕਿ ਉੱਤਰ ਆਧੁਨਿਕ ਯੁੱਗ ਦੀਆਂ ਦੁਸ਼ਵਾਰੀਆਂ, ਪ੍ਰਾਪਤੀਆਂ, ਮਾਨਵੀ ਰਿਸ਼ਤਿਆਂ ਦੀ ਭੰਨ-ਤੋੜ ਨੇ ਇਹ ਕਹਾਣੀਆਂ ਲਿਖਣ ਲਈ ਪ੍ਰੇਰਤ ਕੀਤਾ ਕਿ ਸਭ ਕੁੱਝ ਹੁੰਦਿਆਂ ਵੀ ਹੋਰ ਪਾਉਣ ਦੀ ਲਾਲਸਾ ਤੇ ਸਮਾਜਕ ਸਰੋਕਾਰਾਂ ਨੇ ਹਲੂਣਾ ਦਿੱੱਤਾ।