ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਸਤੰਬਰ
ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਉਪ ਰਾਜਪਾਲ (ਐੱਲਜੀ) ਨੂੰ ਲਿਖੇ ਪੱਤਰ ਵਿੱਚ ਯਮੁਨਾ ਨਦੀ ਦੀ ਸਮੇਂ ਸਿਰ ਸਫਾਈ ਤੇ ਦੀਵਾਲੀ ਤੋਂ ਬਾਅਦ ਮਨਾਏ ਜਾਣ ਵਾਲੇ ਛਠ ਤਿਉਹਾਰ ਤੋਂ ਪਹਿਲਾਂ ਲੋੜੀਂਦੀਆਂ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਐਲ-ਜੀ ਦੇ ਨਿਰਦੇਸ਼ਾਂ ਦੀ ਮੰਗ ਕੀਤੀ। ਉੱਤਰ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਨਦੀ ਨੂੰ ਸਾਫ਼ ਕਰਨ ਵਿੱਚ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਪੂਰਵਾਂਚਲੀਆਂ ਦੇ ਤਿਉਹਾਰ ਨੂੰ ‘ਨਿਸ਼ਾਨਾ’ ਬਣਾ ਸਕਦੇ ਹਨ। ਤਿਵਾੜੀ ਨੇ ‘ਆਪ’ ਸਰਕਾਰ ’ਤੇ ਇਹ ਵੀ ਦੋਸ਼ ਲਾਇਆ ਕਿ ਪਿਛਲੇ ਸਾਲ ਰਾਸ਼ਟਰੀ ਰਾਜਧਾਨੀ ’ਚ ਤਿਉਹਾਰ ’ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਜੋ ਆਪਣੀਆਂ ਅਸਫਲਤਾਵਾਂ ’ਤੇ ਪਰਦਾ ਪਾਇਆ ਜਾ ਸਕੇ। ਤਿਵਾੜੀ ਮੁਤਾਬਕ, ‘‘ਜਿਸ ਤਰ੍ਹਾਂ ਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਆਪਣੀ ਸਰਕਾਰ ਦੇ ਘੁਟਾਲਿਆਂ ਨੂੰ ਲੁਕਾਉਣ ਲਈ ਝੂਠ ਬੋਲ ਰਹੇ ਹਨ, ਇਹ ਖਦਸ਼ਾ ਹੈ ਕਿ ਉਹ ਦਿੱਲੀ ਵਿੱਚ ਯਮੁਨਾ ਦੀ ਅਸਲੀਅਤ ਨੂੰ ਬੇਨਕਾਬ ਹੋਣ ਤੋਂ ਰੋਕਣ ਲਈ ਛੱਠ ਨੂੰ ਨਿਸ਼ਾਨਾ ਬਣਾ ਸਕਦੇ ਹਨ।’’ ਉਨ੍ਹਾਂ ਨੇ ਉੁਪ ਰਾਜਪਾਲ ਨੂੰ ਯਮੁਨਾ ਦੀ ਸਫ਼ਾਈ ਲਈ ਯੋਜਨਾਵਾਂ ’ਚ ਤੇਜ਼ੀ ਲਿਆਉਣ ਲਈ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ।
‘ਛਠ ਪੂਜਾ’ ਲਈ ਪ੍ਰਬੰਧ ਕੀਤੇ ਜਾ ਰਹੇ ਨੇ: ‘ਆਪ’
‘ਆਪ’ ਵਿਧਾਇਕ ਤੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਸਰਕਾਰ ਛੱਠ ਪੂਜਾ ਲਈ ਪੂੁਰੇ ਪ੍ਰਬੰਧ ਕਰੇਗੀ। ਪ੍ਰੈੱਸ ਕਾਨਫਰੰਸ ਵਿੱਚ ਭਾਰਦਵਾਜ ਨੇ ਕਿਹਾ, ‘‘ਪਿਛਲੀ ਵਾਰ ਅਸੀਂ ਖੁਦ ਛਠ ਪੂਜਾ ਸ਼ਾਨਦਾਰ ਢੰਗ ਨਾਲ ਕੀਤੀ ਅਤੇ ਇਸ ਸਾਲ ਵੀ ਕਰਾਂਗੇ। ਮੈਂ ਰਾਸ਼ਟਰੀ ਰਾਜਧਾਨੀ ਪੂਰਵਾਂਚਲ ਮੋਰਚਾ ਦੇ ਭਾਜਪਾ ਦੇ ਸਾਰੇ ਨੇਤਾਵਾਂ ਨੂੰ ਛਠ ਪੂਜਾ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਦੀ ਬੇਨਤੀ ਕਰਾਂਗਾ।’’ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਯਮੁਨਾ ਘਾਟ ਤੇ ਰਾਸ਼ਟਰੀ ਰਾਜਧਾਨੀ ਦੇ ਸਾਰੇ ਘਾਟਾਂ ਨੇੜੇ ਬਣਾਉਟੀ ਤਾਲਾਬ ਬਣਾਉਣ ਦੀ ਯੋਜਨਾ ਬਣਾ ਰਹੀ ਹੈ।