ਨਵੀਂ ਦਿੱਲੀ, 29 ਜੁਲਾਈ
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਨੌਕਰਸ਼ਾਹਾਂ ਵਿਚਾਲੇ ਹੁੰਦਾ ਟਕਰਾਅ ਅੱਜ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਕੌਮੀ ਰਾਜਧਾਨੀ ਦੀ ਮੰਤਰੀ ਆਤਿਸ਼ੀ ਨੇ ਅੱਜ ਸ਼ਨਿਚਰਵਾਰ ਨੂੰ ਹੜ੍ਹ ਰਾਹਤ ਰਾਸ਼ੀ ਦੀ ਵੰਡ ਨੂੰ ਲੈ ਕੇ ਮੁੱਖ ਸਕੱਤਰ ਨਰੇਸ਼ ਕੁਮਾਰ ਦੀ ਝਾੜ-ਝੰਬ ਕੀਤੀ ਹੈ। ਦਿੱਲੀ ਸਰਕਾਰ ਦੇ ਇੱਕ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਕੈਬਨਿਟ ਮੰਤਰੀ ਨੇ ਮੁੱਖ ਸਕੱਤਰ ਨੂੰ ਇਹ ਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿ ਹੜ੍ਹ ਪੀੜਤ ਲੋਕਾਂ ਨੂੰ ਐਕਸ ਗ੍ਰੇਸ਼ੀਆ ਰਾਸ਼ੀ ਵੰਡਣ ਦੀ ਪ੍ਰਕਿਰਿਆ ਅੱਗੇ ਵਧਾਉਣ ਲਈ ਸ਼ਨਿਚਰਵਾਰ ਅਤੇ ਐਤਵਾਰ ਨੂੰ ਵੀ ਸਾਰੇ ਅਧਿਕਾਰੀ ਕੰਮ ਕਰਨ ਤਾਂ ਕਿ ਉਨ੍ਹਾਂ ਦੇ ਬੈਂਕਾਂ ਖਾਤਿਆਂ ਵਿੱਚ ਸੋਮਵਾਰ ਤੱਕ ਰਾਸ਼ੀ ਪਹੁੰਚ ਸਕੇ।
ਆਤਿਸ਼ੀ ਨੇ ਕੁਮਾਰ ਨੂੰ ਭੇਜੇ ਇੱਕ ਨੋਟ ਵਿੱਚ ਕਿਹਾ ਕਿ ਰਾਹਤ ਰਾਸ਼ੀ ਦੀ ਵੰਡ ਸਬੰਧੀ ਬੁਲਾਈ ਗਈ ਮਾਲ ਵਿਭਾਗ ਦੀ ਬੈਠਕ ਦੌਰਾਨ ਉਹ ਇਹ ਜਾਣ ਕੇ ‘ਹੈਰਾਨ’ ਹੋ ਗਈ ਕਿ ਰਾਹਤ ਕੈਂਪਾਂ ਵਿੱਚ ਰਹਿਣ ਵਾਲੇ 4,716 ਪੀੜਤ ਪਰਿਵਾਰਾਂ ’ਚੋਂ ਕੇਵਲ 197 ਪਰਿਵਾਰਾਂ ਨੂੰ ਹੀ ਰਾਹਤ ਦੇ ਦੌਰ ’ਤੇ ਦਿੱਲੀ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਾਸ਼ੀ ਦੇ 10,000 ਰੁਪਏ ਮਿਲੇ ਹਨ।
ਆਤਿਸ਼ੀ ਨੇ ਕਿਹਾ,‘‘ਕੈਬਨਿਟ ਵੱਲੋਂ ਹੜ੍ਹ ਪੀੜਤਾਂ ਨੂੰ ਦਿੱਤੇ ਜਾਣ ਵਾਲੇ 10,000 ਰੁਪਏ ਦਾ ਫੈਸਲਾ ਲਏ ਨੂੰ 10 ਦਿਨ ਬੀਤ ਚੁੱਕੇ ਹਨ ਪਰ ਇਨ੍ਹਾਂ 10 ਦਿਨਾਂ ’ਚ ਛੇ ਡੀਐੱਮਜ਼ (ਜ਼ਿਲ੍ਹਾ ਮੈਜਿਸਟ੍ਰੇਟ), ਛੇ ਏਡੀਐੱਮਜ਼ ਅਤੇ 18 ਐੱਸਡੀਐੱਮਜ਼ ਦੇ ਨਾਲ 19 ਆਈਪੀਐੱਸ ਅਤੇ ਡੀਏਐੱਨਆਈਸੀਐੱਸ ਅਧਿਕਾਰੀ ਇਨ੍ਹਾਂ 4,716 ਪਰਿਵਾਰਾਂ ਨੂੰ ਇਹ ਰਾਹਤ ਪੈਕੇਜ ਦੇਣ ਦੀ ਪ੍ਰਕਿਰਿਆ ਅੱਗੇ ਨਹੀਂ ਵਧਾ ਸਕੇ।’’ ਮੁੱਖ ਸਕੱਤਰ ਨੇ 15 ਜੁਲਾਈ ਨੂੰ ਸੀਨੀਅਰ ਆਈਏਐੱਸ ਅਤੇ ਦਾਨਿਕਸ ਅਧਿਕਾਰੀਆਂ ਨੂੰ ਬਚਾਅ, ਰਾਹਤ ਅਤੇ ਪੁਨਰਵਾਸ ਕਾਰਜਾਂ ਵਿੱਚ ਛੇ ਹੜ੍ਹ ਪ੍ਰਭਾਵਿਤ ਖੇਤਰ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਮਦਦ ਕਰਨ ਅਤੇ ਇਨ੍ਹਾਂ ਕਾਰਜਾਂ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ।
ਮੰਤਰੀ ਨੇ ਕਿਹਾ,‘‘ਇਨ੍ਹਾਂ ਕਾਰਜਾਂ ਵਿੱਚ ਲਗਾਏ ਗਏ ਅਧਿਕਾਰੀਆਂ ਦੀ ਗਿਣਤੀ ਦੇ ਮੱਦੇਨਜ਼ਰ ਹਰ ਅਧਿਕਾਰੀ ਨੂੰ 70 ਪਰਿਵਾਰਾਂ ਨੂੰ ਰਾਹਤ ਮੁਹੱਈਆ ਕਰਵਾਉਣੀ ਸੀ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਪ੍ਰਤੀਦਿਨ ਸੱਤ ਪਰਿਵਾਰਾਂ ਨੂੰ ਰਾਹਤ ਮੁਹੱਈਆ ਕਰਵਾਉਣੀ ਸੀ ਪਰ ਇਹ ਵੀ ਨਹੀਂ ਕੀਤਾ ਜਾ ਸਕਿਆ।’’
ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦਾ ਢਿੱਲਾ ਰਵੱਈਆ ਬਿਲਕੁਲ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇ ਇਹ ਅਧਿਕਾਰੀ ਇਨ੍ਹਾਂ ਹਾਲਾਤਾਂ ਵਿੱਚ ਢਿੱਲ ਦਿਖਾ ਰਹੇ ਹਨ ਤਾਂ ਆਮ ਦਿਨਾਂ ਵਿੱਚ ਇਹ ਕੀ ਕਰਦੇ ਹੋਣਗੇ। ਮੰਤਰੀ ਨੇ ਅਧਿਕਾਰੀ ਨੂੰ ਸੋਮਵਾਰ ਸ਼ਾਮ ਛੇ ਵਜੇ ਤੱਕ ਵੰਡ ਰਾਸ਼ੀ ਸਬੰਧੀ ਉਨ੍ਹਾਂ ਨੂੰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਰਿਪੋਰਟ ਸੌਂਪਣ ਦੇ ਨਿਰਦੇਸ਼ ਵੀ ਦਿੱਤੇ ਹਨ। -ਪੀਟੀਆਈ