ਨਵੀਂ ਦਿੱਲੀ: ਕੌਮੀ ਰਾਜਧਾਨੀ ਦੇ ਸਫਦਰਜੰਗ ਹਸਪਤਾਲ ਵਿੱਚੋਂ ਅਗਵਾ ਕੀਤੇੇ ਡੇਢ ਮਹੀਨੇ ਦੇ ਬੱਚੇ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਪੁਲੀਸ ਨੇ ਰੇਲਵੇ ਪੁਲੀਸ ਅਤੇ ਸੁਰੱਖਿਆ ਬਲ ਦੇ ਸਹਿਯੋਗ ਨਾਲ ਬੱਚਾ ਬਰਾਮਦ ਕੀਤਾ। ਦੱਖਣ ਪੱਛਮੀ ਦੇ ਸੀਨੀਅਰ ਪੁਲੀਸ ਅਧਿਕਾਰੀ ਅਕਾਂਸ਼ਾ ਯਾਦਵ ਨੇ ਕਿਹਾ ਕਿ ਸ਼ਿਕਾਇਤਕਰਤਾ ਔਰਤ 15 ਨਵੰਬਰ ਨੂੰ ਆਪਣੇ ਪਤੀ ਦੇ ਗੁਰਦੇ ਸਬੰਧੀ ਇਲਾਜ ਲਈ ਸਫਦਰਜੰਗ ਹਸਪਤਾਲ ਵਿੱਚ ਆਈ ਸੀ। ਇਸ ਦੌਰਾਨ ਇੱਕ ਹੋਰ ਔਰਤ ਨੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲਿਆ। ਔਰਤ ਨੇ ਵਿਸ਼ਵਾਸ ਵਜੋਂ ਉਸ ਦੇ ਬੱਚੇ ਨੂੰ ਗੋਦੀ ਵਿੱਚ ਲੈ ਲਿਆ। ਮਗਰੋਂ ਔਰਤ ਇੱਕ ਵਿਅਕਤੀ ਨਾਲ ਆਟੋ ਰਿਕਸ਼ੇ ਵਿੱਚ ਫ਼ਰਾਰ ਹੋ ਗਈ। ਇਸ ਸਬੰਧੀ ਸਫਦਰਜੰਗ ਐਨਕਲੇਵ ਪੁਲੀਸ ਥਾਣੇ ਵਿੱਚ ਸ਼ਿਕਾੲਤ ਦਰਜ ਕੀਤੀ ਗਈ। ਮਗਰੋਂ ਏਐੱਸਪੀ ਰਣਵੀਰ ਸਿੰਘ ਦੀ ਅਗਵਾਈ ਹੇਠ ਜਾਂਚ ਸ਼ੁਰੂ ਹੋ ਗਈ। ਸੀਸੀਟੀਵੀ ਫੁਟੇਜ਼ ਦੀ ਜਾਂਚ ਮਗਰੋਂ ਮੁਲਜ਼ਮ ਔਰਤ ਦੀ ਪਛਾਣ ਕੀਤੀ ਗਈ। ਉਸ ਨੂੰ ਅਨੰਦ ਵਿਹਾਰ ਰੇਲਵੇ ਸਨੇਸ਼ਨ ਤੱਕ ਟਰੈਕ ਕੀਤਾ ਗਿਆ। ਉਥੋਂ ਉਹ ਦੋਵੇਂ ਬਰੇਲੀ ਜਾਣ ਵਾਲੀ ਸਦਭਾਵਨਾ ਐਕਸਪ੍ਰੈੱਸ ਵਿੱਚ ਸਵਾਰ ਹੋ ਗਏ। ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣੀ ਪਛਾਣ ਛੁਪਾਉਣ ਲਈ ਆਪਣਾ ਭੇਸ ਬਦਲ ਲਿਆ ਸੀ। ਫੇਰ ਵੀ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਮਾਹੀ ਸਿੰਘ (24) ਅਤੇ ਰੋਹਿਤ ਕੁਮਾਰ (32) ਵਜੋਂ ਹੋਈ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਬੱਚੇ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। -ਪੀਟੀਆਈ