ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਦਸੰਬਰ
ਕੌਮੀ ਰਾਜਧਾਨੀ ਵਿੱਚ ਈਸਾਈ ਭਾਈਚਾਰੇ ਨੇ ਸਾਵਧਾਨੀ ਨਾਲ ਕ੍ਰਿਸਮਸ ਮਨਾਇਆ ਕਿਉਂਕਿ ਕਰੋਨਵਾਇਰਸ ਦੇ ਓਮੀਕਰੋਨ ਰੂਪ ਨੂੰ ਲੈ ਕੇ ਚਿੰਤਾ ਦੇ ਵਿਚਕਾਰ ਘੱਟ ਲੋਕ ਚਰਚਾਂ ਵਿੱਚ ਪਹੁੰਚੇ। ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ (ਡੀਡੀਐੱਮਏ) ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਸਨ ਕਿ ਰਾਸ਼ਟਰੀ ਰਾਜਧਾਨੀ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਦਾ ਕੋਈ ਇਕੱਠ ਨਾ ਹੋਵੇ। ਹਾਲਾਂਕਿ ‘ਡੀਡੀਐੱਮਏ’ ਨੇ ਵੀਰਵਾਰ ਨੂੰ ਕਿਹਾ ਸੀ ਕਿ ਕੋਵਿਡ ਉਚਿਤ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਦੇ ਅਧੀਨ ਧਾਰਮਿਕ ਸਥਾਨ ਕ੍ਰਿਸਮਸ ਤੇ ਨਵੇਂ ਸਾਲ ਦੀ ਸ਼ਾਮ ਨੂੰ ਜਸ਼ਨਾਂ ਅਤੇ ਪ੍ਰਾਰਥਨਾਵਾਂ ਲਈ ਖੁੱਲ੍ਹੇ ਰਹਿਣਗੇ। ਦਿੱਲੀ ਦੇ ਚਰਚਾਂ ਬਾਰੇ ਗੱਲ ਕਰਦੇ ਹੋਏ ਦਿੱਲੀ ਦੇ ਰੋਮਨ ਕੈਥੋਲਿਕ ਆਰਚਡੀਓਸੀਸ ਦੇ ਆਰਚਬਿਸ਼ਪ ਅਨਿਲ ਜੋਸੇਫ ਥਾਮਸ ਕੂਟੋ ਨੇ ਕਿਹਾ ਕਿ ਇਸ ਸਾਲ ਬਹੁਤ ਸਾਰੇ ਲੋਕ ਕ੍ਰਿਸਮਸ ਲਈ ਬਾਹਰ ਨਹੀਂ ਨਿਕਲੇ। ਕੂਟੋ ਨੇ ਕਿਹਾ ਕਿ ਹਾਲਾਂਕਿ ਸੈਲਾਨੀਆਂ ’ਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ। ਡੀਡੀਐੱਮਏ ਦੇ ਆਦੇਸ਼ ਨੂੰ ਲੈ ਕੇ ਭੰਬਲਭੂਸਾ ਸੀ। ਇਸ ਲਈ ਇਸ ਸਾਲ ਬਹੁਤ ਸਾਰੇ ਲੋਕ ਬਾਹਰ ਨਹੀਂ ਆਏ ਹਨ। ਬਹੁਤ ਜ਼ਿਆਦਾ ਭੀੜ ਨਹੀਂ ਦੇਖੀ ਗਈ ਤੇ ਬਹੁਤ ਸਾਰੇ ਚਰਚਾਂ ਨੇ ਬੀਤੀ ਸ਼ਾਮ ਜਲਦੀ ਸੇਵਾਵਾਂ ਦੇ ਕੇ ਵਾਧੂ ਯਤਨ ਕੀਤੇ ਹਨ। ਹਾਲਾਂਕਿ ਚਰਚ ਕੋਵਿਡ ਐੱਸਓਪੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਿਤੀ ਨੂੰ ਸੰਭਾਲਣ ਲਈ ਤਿਆਰ ਸਨ। ਡਿਫੈਂਸ ਕਲੋਨੀ ’ਚ ਸੇਂਟ ਲਿਊਕ ਚਰਚ ਦੇ ਫਾਦਰ ਜੇਮਸ ਪੀਟਰ ਰਾਜ ਨੇ ਵੀ ਕਿਹਾ ਕਿ ਇਸ ਸਾਲ ਬਹੁਤ ਘੱਟ ਲੋਕ ਜਸ਼ਨਾਂ ਵਿੱਚ ਸ਼ਾਮਲ ਹੋਏ। ਲੋਧੀ ਰੋਡ ਸਥਿਤ ਸ਼ਤਾਬਦੀ ਮੈਥੋਡਿਸਟ ਚਰਚ ਵਿੱਚ ਵੀ ਘੱਟ ਲੋਕਾਂ ਦੀ ਹਾਜ਼ਰੀ ਸੀ। ਸ਼ੁੱਕਰਵਾਰ ਨੂੰ ਦਿੱਲੀ ਵਿੱਚ 180 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ, ਜੋ ਕਿ 16 ਜੂਨ ਤੋਂ ਬਾਅਦ ਸਭ ਤੋਂ ਵੱਧ ਹਨ।