ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਪਰੈਲ
ਦਿੱਲੀ ਦੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਵੱਲੋਂ ਉੱਤਰ ਪ੍ਰਦੇਸ਼ ਦੇ ਬਜਰੰਗ ਮੁਨੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਸਥਿਤ ਉੱਤਰ ਪ੍ਰਦੇਸ਼ ਭਵਨ ਦੇ ਕੋਲ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਦਿੱਲੀ ਪੁਲੀਸ ਵੱਲੋਂ ਮੁਜ਼ਾਹਾਰਾਕਾਰੀਆਂ ਦੀ ਖਿੱਚ-ਧੂਹ ਕੀਤੀ ਗਈ ਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਮੰਦਰ ਮਾਰਗ ਥਾਣੇ ’ਚ ਹਿਰਾਸਤ ਵਿੱਚ ਸ਼ਾਮ 7 ਵਜੇ ਤੱਕ ਰੱਖਿਆ ਗਿਆ।
‘ਆਇਸਾ’ ਤੇ ਹੋਰ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਦੌਰਾਨ ਨਫ਼ਤਰੀ ਭਾਸ਼ਣ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਜਥੇਬੰਦੀਆਂ ਦੇ ਕਾਰਕੁੰਨਾਂ ਨੇ ਕਿਹਾ ਕਿ ਮੁਸਲਿਮ ਔਰਤਾਂ ਖ਼ਿਲਾਫ਼ ਬਜਰੰਗ ਮੁਨੀ ਨੇ ਜੋ ਟਿੱਪਣੀਆਂ ਕੀਤੀਆਂ ਹਨ, ਉਹ ਭਾਰਤੀ ਸੰਵਿਧਾਨ ਦੀ ਧਾਰਨਾ ਦੇ ਖ਼ਿਲਾਫ਼ ਹਨ ਤੇ ਨਫ਼ਰਤ ਫੈਲਾਉਣ ਵਾਲੀਆਂ ਹਨ। ਵਿਦਿਆਰਥੀਆਂ ਨੇ ਕੇਂਦਰ ਸਰਕਾਰ ਤੇ ਉੱਤਰ ਪ੍ਰਦੇਸ਼ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਿਰਾਸਤ ਵਿੱਚ ਲਏ ਵਿਦਿਆਰਥੀਆਂ ਨੇ ਕਿਹਾ ਕਿ ਕੁਝ ਵਿਦਿਆਰਥੀਆਂ ਨੇ ਰੋਜ਼ੇ ਵੀ ਰੱਖੇ ਹੋਏ ਸਨ ਪਰ ਚਾਣਕੀਆਪੁਰੀ ਥਾਣਾ ਪੁਲੀਸ ਅਜਿਹੇ ਵਿਦਿਆਰਥੀਆਂ ਨੂੰ ਵੀ ਛੱਡਣ ਲਈ ਤਿਆਰ ਨਹੀਂ ਸੀ।
ਥਾਣੇ ਅੰਦਰ ਵੀ ਵਿਦਿਆਰਥਣਾਂ ਨਾਲ ਧੱਕਾ-ਮੁੱਕੀ ਕੀਤੇ ਜਾਣ ਵੀ ਵੀਡੀਓ ਸ਼ੇਅਰ ਕੀਤੀ ਗਈ। ਹੱਲਾ-ਬੋਲ ਵੱਲੋਂ ਵੀ ਬਜਰੰਗ ਮੁਨੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।