ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਅਕਤੂਬਰ
ਦਿੱਲੀ-ਐੱਨਸੀਆਰ ਦੀ ਆਬੋ-ਹਵਾ ’ਤੇ ਆਲੇ-ਦੁਆਲੇ ਤੇ ਹਾਲਤਾਂ ਅਤੇ ਮੌਸਮ ਦੀ ਤਬਦੀਲੀ ਦਾ ਅਸਰ ਪੈਣ ਲੱਗਿਆ ਹੈ। ਹਵਾ ਸ਼ੁੱਧਤਾ ਸੂਚਕ ਅੰਕ 175 ਮਾਪਿਆ ਗਿਆ ਜੋ ਦਰਮਿਆਨਾ ਮੰਨਿਆ ਜਾਂਦਾ ਹੈ। ਹੁਣ ਜਦੋਂ ਮੀਂਹਾਂ ਦਾ ਦੌਰ ਲੰਘ ਚੁੱਕਾ ਹੈ ਤਾਂ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਵਧਣ ਲੱਗਾ ਹੈ। ਇਹ ਅੰਕੜਾ ਅੱਜ ਸਵੇਰੇ 9.30 ਵਜੇ ਦਾ ਹੈ। ਹਾਲਾਂਕਿ ਦਿਨ ਚੜ੍ਹਨ ਸਮੇਂ ਸੂਰਜ ਵਿੱਚ ਤੇਜ਼ ਚਮਕ ਸੀ। ਦਿੱਲੀ ਸਰਕਾਰ ਵੱਲੋਂ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ ਦੀਆਂ ਜ਼ਿਆਦਾ ਆਵਾਜਾਈ ਵਾਲੀਆਂ ਸੜਕਾਂ ’ਤੇ ਲਗਾਤਾਰ ਛਿੜਕਾ ਕੀਤਾ ਜਾ ਰਿਹਾ ਹੈ ਤੇ ਸਮੋਗ ਗੰਨਾਂ ਦੀ ਵਰਤੋਂ ਕਰ ਕੇ ਦਰੱਖ਼ਤਾਂ ਉੱਤੇ ਜੰਮੇ ਧੂੜ ਦੇ ਕਣਾਂ ਨੂੰ ਰੋਜ਼ਾਨਾ ਧੋਇਆ ਜਾ ਰਿਹਾ ਹੈ। ਦਿੱਲੀ ਸਰਕਾਰ ਵੱਲੋਂ ‘ਜੀਆਰਏਪੀ’ ਤਹਿਤ ਪ੍ਰਦੂਸ਼ਣ ਰੋਕਣ ਦੇ ਉਪਾਅ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਰਿਆਣਾ ਦੇ ਸੋਨੀਪਤ ਤੇ ਹੋਰ ਇਲਾਕਿਆਂ ਵਿੱਚੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ ਖ਼ਬਰਾਂ ਮਗਰੋਂ ਦਿੱਲੀ ਵਾਲਿਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਅੱਜ ਦਿੱਲੀ ਦੇ ਕਈ ਹਿੱਸਿਆਂ ਵਿੱਚ ਸਮੋਗ ਗੰਨਾਂ ਨਾਲ ਦਿੱਲੀ ਦੀਆਂ ਸੜਕਾਂ ਉਪਰ ਤੇਜ਼ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਦਿੱਲੀ ਸਰਕਾਰ ਵੱਲੋਂ 40 ਅਜਿਹੀਆਂ ਟੀਮਾਂ ਸੂਬੇ ਵਿੱਚ ਤਾਇਨਾਤ ਕੀਤੀਆਂ ਹਨ , ਜਿਨ੍ਹਾਂ ਨੂੰ ਕੂੜਾ ਸਾੜਨ, ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਨੱਥ ਪਾਉਣ ਅਤੇ ਉਸਾਰੀਆਂ ਵਾਲੀਆਂ ਥਾਵਾਂ ਉਪਰ ਪ੍ਰਦੂਸ਼ਣ ਐਕਟ ਤਹਿਤ ਸਾਵਧਾਨੀਆਂ ਵਰਤੇ ਜਾਣਾ ਸੁਨਿਸ਼ਚਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦਿੱਲੀ ਵਿੱਚ ਹਲਕੀ-ਹਲਕੀ ਠੰਢ ਪੈਣ ਲੱਗੀ ਹੈ ਤੇ ਪਾਰਾ ਦਿਨੋ-ਦਿਨ ਹੇਠਾਂ ਜਾ ਰਿਹਾ ਹੈ। ਅੱਜ ਘੱਟੋ-ਘੱਟ ਤਾਪਮਾਨ 18.8 ਡਿਗਰੀ ਮਾਪਿਆ ਗਿਆ ਜੋ ਆਮ ਨਾਲੋਂ ਇੱਕ ਡਿਗਰੀ ਘੱਟ ਰਿਹਾ। ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਦੱਸਿਆ ਗਿਆ ਹੈ।
ਕਸ਼ਮੀਰੀ ਗੇਟ ਸਭ ਤੋਂ ਪਦੂਸ਼ਿਤ ਇਲਾਕਾ
ਕੌਮੀ ਗ੍ਰੀਨ ਟ੍ਰਿਬਿਊਨਲ ਨੇ ਦੱਸਿਆ ਕਿ 40 ਵਿੱਚੋਂ 23 ਥਾਵਾਂ ’ਤੇ ਸ਼ੋਰ ਪ੍ਰਦੂਸ਼ਣ ਮਨੁੱਖਾਂ ਲਈ ਘਾਤਕ ਹੋ ਸਕਦਾ ਹੈ। ਇਨ੍ਹਾਂ ਥਾਂਵਾਂ ਵਿੱਚ ਜਹਾਂਗੀਰਪੁਰੀ, ਆਸ਼ੋਕ ਨਗਰ, ਕਸ਼ਮੀਰੀ ਗੇਟ, ਆਨੰਦ ਵਿਹਾਰ, ਸੋਨੀਆ ਵਿਹਾਰ, ਵਜ਼ੀਰਪੁਰ, ਮੰਦਰ ਮਾਰਗ, ਪੰਜਾਬੀ ਬਾਗ਼, ਮੁੰਡਕਾ ਤੇ ਰੋਹਿਣੀ ਸ਼ਾਮਲ ਹਨ। ਸਭ ਤੋਂ ਵੱਧ ਪ੍ਰਦੂਸ਼ਤ ਇਲਾਕਾ ਕਸ਼ਮੀਰੀ ਗੇਟ ਦੱਸਿਆ ਜਾ ਰਿਹਾ ਹੈ ਜਿੱਥੇ ਆਈਐੱਸਬੀਟੀ ਵੀ ਹੈ।
ਉਸਾਰੀ ਪ੍ਰਾਜੈਕਟਾਂ ਵਿੱਚ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼
ਐਨਸੀਆਰ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਹਵਾ ਗੁਣਵੱਤਾ ਪ੍ਰਬੰਧਨ ਲਈ ਕਮਿਸ਼ਨ ਨੇ ਉਦਯੋਗਾਂ ਅਤੇ ਉਸਾਰੀ ਦੇ ਪ੍ਰਾਜੈਕਟਾਂ ਸਾਈਟਾਂ ਵਿੱਚ ਕਮਿਸ਼ਨ ਵੱਲੋਂ ਜਾਰੀ ਵਿਧਾਨਿਕ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਆਮ ਜਨਤਾ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਹਰੇਕ ਪੜਾਅ ਵਿੱਚ ਸਿਟੀਜ਼ਨ ਚਾਰਟਰ ਦੇ ਕਦਮਾਂ ਦੀ ਸਖਤੀ ਨਾਲ ਪਾਲਣਾ ਕਰਨ। ਕਮਿਸ਼ਨ ਵੱਲੋਂ ਗਠਿਤ 40 ਨਿਰੀਖਣ ਟੀਮਾਂ/ਉਡਾਣ ਦਸਤੇ ਦਿੱਲੀ-ਐਨਸੀਆਰ ਦੀ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਵਿਧਾਨਕ ਨਿਰਦੇਸ਼ਾਂ ਦੀ ਪਾਲਣਾ ਨੂੰ ਤੇਜ਼ ਕਰਨ, ਨਿਰੀਖਣ ਤੇ ਸਖ਼ਤੀ ਨਾਲ ਨਿਗਰਾਨੀ ਕਰਨ ਅਧੀਨ ਉੱਡਣ ਦਸਤੇ ਉਦਯੋਗਿਕ ਇਕਾਈਆਂ, ਸੀ ਤੇ ਡੀ ਸਾਈਟਾਂ, ਵਪਾਰਕ/ ਰਿਹਾਇਸ਼ੀ ਇਕਾਈਆਂ, ਹਵਾ ਪ੍ਰਦੂਸ਼ਣ ਦੇ ‘ਹੌਟਸਪੌਟਸ’ ਆਦਿ ’ਤੇ ਅਚਨਚੇਤ ਨਿਰੀਖਣ ਤੇ ਖੇਤਰ-ਪੱਧਰ ਦੀ ਜਾਂਚ ਕਰਨਗੇ। ਸ਼ੁੱਕਰਵਾਰ ਤੱਕ ਕਮਿਸ਼ਨ ਫਲਾਇੰਗ ਸਕੁਐਡਜ਼ ਵੱਲੋਂ 8,580 ਤੋਂ ਵੱਧ ਸਾਈਟਾਂ ਦਾ ਨਿਰੀਖਣ ਕੀਤਾ ਗਿਆ ਸੀ ਤੇ ਕਮਿਸ਼ਨ ਦੇ ਕਾਨੂੰਨੀ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਡਿਫਾਲਟਰਾਂ, 110 ਦਿੱਲੀ ਵਿੱਚ, 118 ਹਰਿਆਣਾ (ਐਨਸੀਆਰ) ਪ੍ਰਦੇਸ਼ ਵਿੱਚ ਅਤੇ ਰਾਜਸਥਾਨ (ਐਨਸੀਆਰ) ਵਿੱਚ 52 ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ।