ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਈ
ਦਿੱਲੀ ਵਾਸੀਆਂ ਨੂੰ ਅੱਜ ਕਈ ਦਿਨਾਂ ਮਗਰੋਂ ਅਤਿ ਦੀ ਪੈ ਰਹੀ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਕੌਮੀ ਰਾਜਧਾਨੀ ਵਿੱਚ ਅੱਜ ਘੱਟੋ-ਘੱਟ ਤਾਪਮਾਨ ਇੱਕ ਡਿਗਰੀ ਵਧ ਕੇ 28.5 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਤੇ ਦਿਨ ਵਿੱਚ ਅੰਸ਼ਕ ਤੌਰ ’ਤੇ ਬੱਦਲਵਾਈ ਰਹੀ। ਭਾਰਤੀ ਮੌਸਮ ਵਿਭਾਗ ਅਨੁਸਾਰ, ਸਵੇਰੇ 8:30 ਵਜੇ ਨਮੀ 60 ਫ਼ੀਸਦੀ ਰਹੀ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਸੀ। ਬੁੱਧਵਾਰ ਨੂੰ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 27 ਡਿਗਰੀ ਸੈਲਸੀਅਸ ਅਤੇ 40 ਡਿਗਰੀ ਸੈਲਸੀਅਸ ’ਤੇ ਰਹਿਣ ਦੀ ਸੰਭਾਵਨਾ ਹੈ। ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਵਾਲੀ ਪੱਛਮੀ ਗੜਬੜ ਨੇ ਰਾਜਧਾਨੀ ਵਿੱਚ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਹੇਠਾਂ ਖਿੱਚ ਲਿਆ ਹੈ। ਸ਼ਹਿਰ ਵਿੱਚ 6 ਮਈ ਤੱਕ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਸੋਮਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸਾਲ ਦੇ ਇਸ ਸਮੇਂ ਲਈ ਆਮ ਨਾਲੋਂ ਦੋ ਡਿਗਰੀ ਵੱਧ ਸੀ।
ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ 6,194 ਮੈਗਾਵਾਟ ਬਿਜਲੀ ਦੀ ਮੰਗ ਰਹੀ, ਜੋ ਮਈ ਦੇ ਪਹਿਲੇ ਹਫ਼ਤੇ ਵਿੱਚ ਦਰਜ ਕੀਤੀ ਗਈ ਸਭ ਤੋਂ ਉੱਚੀ ਮੰਗ ਹੈ ਕਿਉਂਕਿ ਸ਼ਹਿਰ ਵਾਸੀ ਅਤਿ ਦੀ ਗਰਮੀ ਨਾਲ ਜੂਝ ਰਹੇ ਹਨ। ਪਿਛਲੇ ਮਹੀਨੇ ਦਿੱਲੀ ਵਿੱਚ ਬਿਜਲੀ ਦੀ ਮੰਗ 6,197 ਮੈਗਾਵਾਟ ਸੀ, ਅਪਰੈਲ ਮਹੀਨੇ ਲਈ ਹੁਣ ਤੱਕ ਦੀ ਸਭ ਤੋਂ ਉੱਚੀ ਰਹੀ। ਸੋਮਵਾਰ ਨੂੰ ਦੁਪਹਿਰ 3:34 ਵਜੇ ਰਾਸ਼ਟਰੀ ਰਾਜਧਾਨੀ ਦੀ ਉੱਚ ਬਿਜਲੀ ਦੀ ਮੰਗ 6,194 ਮੈਗਾਵਾਟ ਹੋ ਗਈ। ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਤੀਬਰ ਗਰਮੀ ਦੀ ਲਹਿਰ ਨੇ ਬਿਜਲੀ ਦੀ ਮੰਗ ਵਿੱਚ ਵਾਧਾ ਕੀਤਾ ਹੈ।
ਦਿੱਲੀ ਵਿੱਚ ਮੌਸਮ ਦਾ ਇੱਕ ਅਜੀਬ ਰੁਝਾਨ ਹੈ। ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਤਾਪਮਾਨ ਬਦਲਦਾ ਹੈ ਜੋ ਇੱਕ ਦੂਜੇ ਤੋਂ ਪੰਜ ਕਿਲੋਮੀਟਰ ਤੋਂ ਵੀ ਘੱਟ ਦੂਰ ਹਨ। ਇਸ ਵਰਤਾਰੇ ਨੂੰ ‘ਹਿੱਟ ਆਈਲੈਂਡ’ ਵਜੋਂ ਜਾਣਿਆ ਜਾਂਦਾ ਹੈ। ਉਦਾਹਰਨ ਲਈ ਯਮੁਨਾ ਸਪੋਰਟਸ ਕੰਪਲੈਕਸ ਵਿੱਚ ਸ਼ਨਿੱਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 46.4 ਡਿਗਰੀ ਦਰਜ ਕੀਤਾ ਗਿਆ ਜਦੋਂਕਿ ਮਯੂਰ ਵਿਹਾਰ ਜੋ ਕਿ ਇਸ ਤੋਂ ਸਿਰਫ਼ 10 ਕਿਲੋਮੀਟਰ ਦੂਰ ਹੈ, ਵਿੱਚ ਉਸੇ ਦਿਨ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਗਿਆਨੀ ਆਰ ਕੇ ਜੇਨਾਮਾਨੀ ਦੇ ਅਨੁਸਾਰ ਇਸ ਨੂੰ ‘ਹਿੱਟ ਆਈਲੈਂਡ ਪ੍ਰਭਾਵ’ ਵਜੋਂ ਜਾਣਿਆ ਜਾਂਦਾ ਹੈ। ਸ਼ਹਿਰਾਂ ਦੇ ਬਾਹਰੀ ਇਲਾਕਿਆਂ ਦੇ ਮੁਕਾਬਲੇ ਸ਼ਹਿਰੀ ਕੇਂਦਰ ਉੱਚ ਤਾਪਮਾਨ ਦੇ ’ਟਾਪੂ’ ਬਣ ਜਾਂਦੇ ਹਨ।
ਗਰਮੀਆਂ ਕਾਰਨ ਸਕੂਲਾਂ ਦਾਂ ਸਮਾਂ ਬਦਲਿਆ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਹਰਿਆਣਾ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਮਹਾਂਵੀਰ ਦੇ ਆਦੇਸ਼ ਮੁਤਾਬਕ, ਵੱਧ ਗਰਮੀ ਪੈਣ ਕਾਰਨ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਦਾਂ ਸਮਾਂ 4 ਮਈ ਤੋਂ ਸਵੇਰੇ 7 ਵਜੇ ਤੋਂ ਦੁਪਿਹਰ 12 ਵਜੇ ਤਕ ਕਰ ਦਿੱਤਾ ਗਿਆ ਹੈ। ਸਾਰੇ ਸਕੂਲਾਂ ਵਿਚ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਤਕ ਦੀਆਂ ਕਲਾਸਾਂ ਇਸ ਸਮੇਂ ਦਰਮਿਆਨ ਹੀ ਲਾਈਆਂ ਜਾਣਗੀਆਂ।
ਸਕੂਲਾਂ ਦਾ ਸਮਾਂ ਬਦਲਣ ਦੀ ਮੰਗ
ਨਵੀਂ ਦਿੱਲੀ (ਪੱਤਰ ਪ੍ਰੇਰਕ): ਅਤਿ ਦੀ ਗਰਮੀ ਕਾਰਨ ਆਪਣੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਿੰਤਤ ਮਾਤਾ-ਪਿਤਾ ਨੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਾਂ ਤਾਂ ਸਕੂਲ ਦਾ ਸਮਾਂ ਸੋਧਿਆ ਜਾਵੇ ਜਾਂ ਗਰਮੀਆਂ ਦੀਆਂ ਛੁੱਟੀਆਂ ਅੱਗੇ ਵਧਾ ਦਿੱਤੀਆਂ ਜਾਣ। ਕਈ ਸਕੂਲਾਂ ਨੇ ਪਹਿਲਾਂ ਹੀ ਕੋਵਿਡ ਦੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧੇ ਦੇ ਨਾਲ ਤੇਜ਼ ਗਰਮੀ ਦੇ ਮੱਦੇਨਜ਼ਰ ਬਾਹਰੀ ਗਤੀਵਿਧੀਆਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਹਾਲਾਂਕਿ ਮਾਪਿਆਂ ਦਾ ਦਾਅਵਾ ਹੈ ਕਿ ਸਕੂਲ ਦਾ ਸਮਾਂ ਵਿਦਿਆਰਥੀਆਂ ਲਈ ਇਸ ਅੱਤ ਦੀ ਗਰਮੀ ਵਿੱਚ ਬਾਹਰ ਨਿਕਲਣਾ ਸੰਭਵ ਨਹੀਂ ਹੈ। ਹਰਿਆਣਾ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਰਾਜ ਭਰ ਵਿੱਚ ਚੱਲ ਰਹੀ ਅਤਿ ਦੀ ਗਰਮੀ ਕਾਰਨ 4 ਮਈ ਤੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਲਾਗੂ ਸਮਾਂ ਪਹਿਲੀ ਤੋਂ 12ਵੀਂ ਜਮਾਤ ਲਈ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ। ਦਿੱਲੀ ਪੇਰੈਂਟਸ ਐਸੋਸੀਏਸ਼ਨ ਦੀ ਪ੍ਰਧਾਨ ਅਪਰਾਜਿਤਾ ਗੌਤਮ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਨੇ ਧੁੱਪ ਵਿੱਚ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ ਖਾਸ ਤੌਰ ‘ਤੇ ਦੁਪਹਿਰ 12 ਤੋਂ 3 ਵਜੇ ਦੇ ਵਿਚਕਾਰ ਪਰ ਦਿੱਲੀ ਵਿੱਚ ਜ਼ਿਆਦਾਤਰ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੈ। ਵਿਦਿਆਰਥੀ ਦੁਪਹਿਰ 3 ਵਜੇ ਤੱਕ ਘਰ ਪਹੁੰਚ ਜਾਂਦੇ ਹਨ।