ਨਵੀਂ ਦਿੱਲੀ:
ਕੌਮੀ ਰਾਜਧਾਨੀ ਵਿੱਚ ਸੋਮਵਾਰ ਨੂੰ ਘੱਟੋ ਘੱਟ ਤਾਪਮਾਨ 24.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਇੱਕ ਡਿਗਰੀ ਵੱਧ ਹੈ। ਇਹ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ। ਇਸ ਦੌਰਾਨ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ 24 ਸਤੰਬਰ ਨੂੰ ਅੰਸ਼ਿਕ ਬੱਦਲਵਾਈ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਸਾਰਾ ਦਿਨ ਰਾਜਧਾਨੀ ਵਿੱਚ ਹੁੰਮਸ ਭਰਿਆ ਮੌਸਮ ਰਿਹਾ। ਲੋਕ ਗਰਮੀ ਕਾਰਨ ਕਾਫ਼ੀ ਪ੍ਰੇਸ਼ਾਨ ਰਹੇ। ਦਿਨੇ ਦੁਪਹਿਰੇ ਤਾਪਮਾਨ ਵੱਧ ਹੋਣ ਕਾਰਨ ਬਾਜ਼ਾਰਾਂ ਅਤੇ ਸੜਕਾਂ ’ਤੇ ਲੋਕਾਂ ਦੀ ਚਹਿਲ ਪਹਿਲ ਘੱਟ ਸੀ। ਦਿੱਲੀ ਵਿੱਚ ਕਈ ਥਾਈਂ ਫਲਾਈਓਵਰ ਦਾ ਕੰਮ ਚਲਦਾ ਹੋਣ ਕਾਰਨ ਕਈ ਥਾਈਂ ਲੋਕਾਂ ਨੂੰ ਜਾਮ ਵਿੱਚ ਵੀ ਖੜ੍ਹੇ ਹੋਣਾ ਪਿਆ। ਇਸ ਦੌਰਾਨ ਵੱਧ ਤੋ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਸਵੇਰੇ ਨੌਂ ਵਜੇ ਹਵਾ ਗੁਣਵਤਾ ਸੂਚਕ ਅੰਕ (ਏਕਿਊਆਈ) 155 ਰਿਹਾ ਜੋ ਮੱਧ ਸ਼੍ਰੇਣੀ ਵਿੱਚ ਆਉਂਦਾ ਹੈ। -ਪੀਟੀਆਈ