ਮੁੰਬਈ: ਰਾਸ਼ਟਰੀ ਸਵੈਮਸੇਵਕ ਸੰਘ ਵਿਰੁੱਧ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀ ਕਰਨ ’ਤੇ ਮੁੰਬਈ ਪੁਲੀਸ ਨੇ ਸੋਮਵਾਰ ਨੂੰ ਗੀਤਕਾਰ ਜਾਵੇਦ ਅਖ਼ਤਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਸ਼ਹਿਰ ਨਾਲ ਸਬੰਧਤ ਵਕੀਲ ਸੰਤੋਸ਼ ਦੂਬੇ ਦੀ ਸ਼ਿਕਾਇਤ ’ਤੇ ਮੁਲੰਡ ਪੁਲੀਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕੀਤੀ ਗਈ। ਪੁਲੀਸ ਅਧਿਕਾਰੀ ਨੇ ਦੱਸਿਆ,‘ਆਈਪੀਸੀ ਦੀ ਧਾਰਾ 500 (ਮਾਣਹਾਨੀ ਸਬੰਧੀ ਸਜ਼ਾ) ਹੇਠ ਐੱਫਆਈਆਰ ਦਰਜ ਕੀਤੀ ਗਈ ਹੈ।’ ਪਿਛਲੇ ਮਹੀਨੇ ਨਿਊਜ਼ ਚੈਨਲ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਜਾਵੇਦ ਅਖਤਰ ਵੱਲੋਂ ਆਰਐੱਸਐੱਸ ਵਿਰੁੱਧ ਕਥਿਤ ‘ਝੂੂਠੀਆਂ ਤੇ ਅਪਮਾਨਜਨਕ’ ਟਿੱਪਣੀਆਂ ਕਰਨ ’ਤੇ ਵਕੀਲ ਨੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਅਤੇ ਇਸ ਸਬੰਧੀ ਮੁਆਫ਼ੀ ਮੰਗਣ ਲਈ ਕਿਹਾ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਇਸ ਲਈ ਹੁਣ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਾਵੇਦ ਅਖ਼ਤਰ ਨੇ ਤਾਲਿਬਾਨ ਤੇ ਹਿੰਦੂ ਸੰਗਠਨ ਨੂੰ ਇਕੋ ਜਿਹੇ ਦੱਸਿਆ ਸੀ। -ਪੀਟੀਆਈ