ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਕਤੂਬਰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਦਿੱਲੀ ਕਮੇਟੀ ਦੀਆਂ ਚੋਣਾਂ ਲਈ ਦਿੱਲੀ ਦੇ ਸਿੱਖਾਂ ਨਬਜ਼ ਪਛਾਣਨ ਦਿੱਲੀ ਵਿਖੇ ‘ਪੰਥਕ ਸੰਵਾਦ’ ਰਚਾਇਆ ਗਿਆ।
ਪੰਥਕ ਅਕਾਲੀ ਲਹਿਰ ਵੱਲੋਂ ਕਰਵਾਏ ਗਏ ਇਸ ਇਕੱਠ ਦੌਰਾਨ ਭਾਈ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬੀਤੇ ਸਮੇਂ ਦੌਰਾਨ ਹੋਏ ਭ੍ਰਿਸ਼ਟਾਚਾਰ ’ਤੇ ਤਕੜੇ ਹੱਲੇ ਬੋਲੇ ਤੇ ਦਿੱਲੀ ਦੇ ਸਿੱਖਾਂ ਨੂੰ ਬਦਲ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਝੁਲਾਉਣ ਵਾਲੇ ਤਿੰਨ ਜਰਨੈਲਾਂ ਨੇ ਰਾਜ ਸਾਂਭਣ ਦੀ ਬਜਾਏ ਇਸ ਸ਼ਹਿਰ ਦੇ ਸਿੱਖ ਇਤਿਹਾਸਕ ਸਥਾਨਾਂ ਦੀ ਕਾਰ ਸੇਵਾ ਤੇ ਸਾਂਭ ਸੰਭਾਲ ਨੂੰ ਪਹਿਲ ਦਿੱਤੀ ਪਰ ਦਿੱਲੀ ਦੇ ਵੱਖ-ਵੱਖ ਸਿੱਖ ਸੱਤਾਧਾਰੀ ਰਹੇ ਆਗੂਆਂ ਨੇ ਸਿੱਖ ਸੰਸਥਾਵਾਂ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਹੋਰ ਧਰਮਾਂ ਦੀਆਂ ਵਿਦਿਅਕ ਸੰਸਥਾਵਾਂ ਬੰਦ ਹੋਣ ਦੀ ਥਾਂ ਪ੍ਰਫੁੱਲਤ ਹੋਈਆਂ ਪਰ ਸਿੱਖਾਂ ਦੇ ਵਿਦਿਅਕ ਅਦਾਰੇ ਬੰਦ ਹੋਣ ਕਿਨਾਰੇ ਪੁੱਜ ਗਏ ਹਨ। ਸਮਾਜ ਸੇਵੀ ਤੇਜਿੰਦਰਪਾਲ ਸਿੰਘ ਨਲਵਾ ਨੇ ਕਿਹਾ ਕਿ ਦਿੱਲੀ ਦੇ ਸਿੱਖ ਵਿਦਿਅਕ ਅਦਾਰਿਆਂ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਮਲਕਿੰਦਰ ਸਿੰਘ ਤੇ ਹੋਰ ਸਥਾਨਕ ਸਿੱਖ ਇਕੱਠੇ ਹੋਏ। ਚੇਤੇ ਰਹੇ ਕਿ 2017 ਦੀਆਂ ਕਮੇਟੀ ਦੀਆਂ ਆਮ ਚੋਣਾਂ ਵਿੱਚ ਸਾਬਕਾ ਜਥੇਦਾਰ ਦੇ ਦੋ ਉਮੀਦਵਾਰ ਜਿੱਤੇ ਸਨ ਪਰ ਇਕ ਹਰਜਿੰਦਰ ਸਿੰਘ ਬੀਤੇ ਦਿਨੀਂ ਦਲਬਦਲੀ ਕਰਕੇ ਜਾਗੋ ਪਾਰਟੀ ਵਿੱਚ ਚਲਾ ਗਿਆ ਸੀ।