ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਕਤੂਬਰ
ਸਾਹਿਤ ਅਕਾਦਮੀ ਦੀ ਵੈਬਲਾਈਨ ਲੜੀ ਦੇ ਤਹਿਤ ਵਰਚੂਅਲ ਲਾਈਵ ਪ੍ਰੋਗਰਾਮ ‘ਯੁਵਾ ਸਾਹਿਤੀ’ ਦਾ ਕਰਵਾਇਆ ਗਿਆ। ਇਹ ਪ੍ਰੋਗਰਾਮ ਪੰਜਾਬੀ ਦੀ ਨੌਜਵਾਨ ਰਚਨਸ਼ੀਲਤਾ ਨੂੰ ਸਮਰਪਿਤ ਸੀ। ਇਸ ਪ੍ਰੋਗਰਾਮ ‘ਚ ਪੰਜਾਬੀ ਦੇ ਚਾਰ ਨੌਜਵਾਨ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਭ ਤੋਂ ਪਹਿਲਾਂ ਕਵੀ ਬਲਵਿੰਦਰ ਸਿੰਘ ਚਹਿਲ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਬਲਵਿੰਦਰ ਚਹਿਲ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਐਂਟ ਕਾਲਜ ਵਿਚ ਪੰਜਾਬੀ ਦੇ ਅਸਿਸਟੈਂਟ ਪ੍ਰੋਫੈਸਰ ਹਨ। ਇਸ ਉਪਰੰਤ ਲਿੱਪੀ ਦਾ ਮਹਾਦੇਵ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਪੇਸ਼ੇ ਵਜੋਂ ਅਧਿਆਪਕ ਲਿੱਪੀ ਦਾ ਮਹਾਦੇਵ ਦੇ ਦੋ ਕਵਿਤਾ ਸੰਗ੍ਰਹਿ ਪ੍ਰਕਾਸ਼ਤ ਹੋ ਚੁਕੇ ਹਨ। ਨੌਜਵਾਨ ਕਵੀ ਅਤੇ ਅਨੁਵਾਦਕ ਜਸਪਾਲ ਨੇ ਆਪਣੀਆਂ ਕਵਿਤਾਵਾਂ ‘ਚ ਮੌਜੂਦਾ ਦੌਰ ਦੇ ਕਈ ਮੁੱਦਿਆਂ ਨੂੰ ਪੇਸ਼ ਕੀਤਾ। ਜਸਪਾਲ ਦੀ ਲਿਖੀਆਂ ਕਵਿਤਾ ਦੀਆਂ ਦੋ ਪੁਸਤਕਾਂ ਅਤੇ ਦੋ ਅਨੁਵਾਦ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁਕੀਆਂ ਹਨ। ਅੰਤ ‘ਚ ਨੌਜਵਾਨ ਕਵੀ ਅਤੇ ਆਲੋਚਕ ਦੀਪਕ ਢਲੇਵਾਂ ਨੇ ਆਪਣੀ ਕਵਿਤਾ ਅਤੇ ਕਈ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਦੀਪਕ ਢਲੇਵਾਂ ਦੇ ਸਿਰਜਣਾਤਮਕ ਸਾਹਿਤ ਦੀਆਂ ਦੋ ਪੁਸਤਕਾਂ ਅਤੇ ਆਲੋਚਨਾ ਦੀਆਂ ਤਿੰਨ ਪੁਸਤਕਾਂ ਪ੍ਰਕਾਸ਼ਤ ਹਨ। ਪ੍ਰੋਗਰਾਮ ਦਾ ਸੰਚਾਲਨ ਸਾਹਿਤ ਅਕਾਦਮੀ ਦੇ ਸੰਪਾਦਕ (ਹਿੰਦੀ) ਅਨੁਪਮ ਤਿਵਾੜੀ ਨੇ ਕੀਤਾ।