ਨਵੀਂ ਦਿੱਲੀ: ਆਰਐੱਸਐੱਸ ਦੀ ਸਿੱਖ ਜੱਥੇਬੰਦੀ ਰਾਸ਼ਟਰੀ ਸਿੱਖ ਸੰਗਤ ਵੱਲੋਂ ਪਾਕਿਸਤਾਨ ਦੇ ਸਿੰਧ ਸੂਬੇ ਦੇ ਜੈਕਬਾਬਾਦ ਜ਼ਿਲ੍ਹੇ ਵਿੱਚ ਗ਼ਰੀਬਾਂ, ਦਲਿਤਾਂ ਤੇ ਘੱਟ ਗਿਣਤੀਆਂ ’ਤੇ ਸਥਾਨਕ ਲੋਕਾਂ ਵੱਲੋਂ ਧੱਕੇਸ਼ਾਹੀ ਕਰਨ ਤੇ ਅੱਤਿਆਵਾਰ ਢਾਹੁਣ ਦੀ ਨਿੰਦਾ ਕੀਤੀ ਗਈ। ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਡੀਐੱਸ ਗਿੱਲ ਨੇ ਦੱਸਿਆ ਕਿ ਜੈਕਬਾਬਾਦ ਜ਼ਿਲ੍ਹੇ ਵਿੱਚ ਗ਼ਰੀਬ ਪਰਿਵਾਰ ਦੀ ਨਾਬਾਲਗ ਬੱਚੀ ਨੂੰ ਅਗਵਾ ਕੀਤਾ ਗਿਆ। ਸ੍ਰੀ ਗਿੱਲ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਸਤਾਨ ਸਰਕਾਰ ਉਪਰ ਦਬਾਅ ਪਾਇਆ ਜਾਵੇ ਕਿ ਉੱਥੋਂ ਦੇ ਘੱਟ ਗਿਣਤੀ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਨਾਬਾਲਗ ਬੱਚੀ ਨੂੰ ਬਰਾਮਦ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਕੇਂਦਰ ਸਰਕਾਰ ਰਾਬਤਾ ਕਾਇਮ ਕਰੇ। ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉੱਥੇ ਘੱਟ ਗਿਣਤੀਆਂ ਦੇ ਧਰਮ ਤੇ ਪਰਿਵਾਰਾਂ ਦੇ ਸਨਮਾਨ ਦੀ ਰਾਖੀ ਕਰੇ। ਦੇਖਣ ਵਿੱਚ ਆਇਆ ਹੈ ਕਿ ਪਾਕਿਸਤਾਨ ਸਰਕਾਰ ਅਜਿਹੇ ਮਾਮਲਿਆਂ ਵੱਲ ਬਹੁਤਾ ਧਿਆਨ ਨਹੀਂ ਦਿੰਦੀ ਤੇ ਨਾ ਹੀ ਗੰਭੀਰਤਾ ਨਾਲ ਲੈਂਦੀ ਹੈ। -ਪੱਤਰ ਪ੍ਰੇਰਕ