ਪੱਤਰ ਪ੍ਰੇਰਕ
ਨਵੀਂ ਦਿੱਲੀ 7 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿਕਰੀ ਹੱਦ ’ਤੇ ਗ਼ਦਰੀ ਗੁਲਾਬ ਕੌਰ ਨਗਰ ਵਿੱਚ ਚੱਲ ਰਹੀ ਸਟੇਜ ਔਰਤਾਂ ਨੇ ਸੰਭਾਲੀ। ਅੱਜ ਦੀ ਸਟੇਜ ਤੋਂ ਬਠਿੰਡਾ ਜ਼ਿਲ੍ਹੇ ਦੀ ਔਰਤ ਆਗੂ ਪਰਮਜੀਤ ਕੌਰ ਪਿੱਥੋ ਅਤੇ ਪਟਿਆਲਾ ਜ਼ਿਲ੍ਹੇ ਤੋਂ ਅਮਨਦੀਪ ਕੌਰ ਦੌਣਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਵੱਲੋਂ ਭਾਰਤੀ ਫੌਜਾਂ ਨੂੰ ਮਜ਼ਲੂਮ ਲੋਕਾਂ ਤੇ ਜਬਰ ਕਰਨ ਦੀਆਂ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਹੋਈਆਂ ਹਨ ਜਿਵੇਂ ਪਿਛਲੇ ਦਿਨੀਂ ਨਾਗਾਲੈਂਡ ਦੇ ਵਿੱਚ ਜੋ ਆਦਿਵਾਸੀ ਲੋਕ ਜੰਗਲਾਂ ਦੇ ਸਹਾਰੇ ਆਪਣੀ ਦਿਨ ਕਟੀ ਕਰ ਰਹੇ ਹਨ ਭਾਰਤੀ ਹਕੂਮਤ ਵੱਲੋਂ ਜੰਗਲਾਂ ਦੇ ਥੱਲੇ ਦੱਬੇ ਹੋਏ ਅਮੀਰ ਖ਼ਜ਼ਾਨਿਆਂ ਨੂੰ ਬਹੁਤ ਸਸਤੇ ਰੇਟਾਂ ਤੇ ਬਹੁਕੌਮੀ ਕੰਪਨੀਆਂ ਨੂੰ ਲੁਟਾਉਣ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਭਾਰਤੀ ਹਕੂਮਤ ਦੀ ਸੋਚੀ ਸਮਝੀ ਸਕੀਮ ਦੇ ਤਹਿਤ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ। ਪਿਛਲੇ ਦਿਨੀਂ ਨਾਗਾਲੈਂਡ ਦੇ ਸਧਾਰਨ ਲੋਕਾਂ ਦੇ ਕੀਤੇ ਗਏ ਕਤਲਾਂ ਦੀ ਅੱਜ ਦੀ ਸਟੇਜ ਤੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਨਾਗਾਲੈਂਡ ਦੇ ਨਿਹੱਥੇ ਲੋਕਾਂ ਲਈ ਇਨਸਾਫ਼ ਦੀ ਮੰਗ ਕੀਤੀ ਗਈ। ਮਾਲਣ ਕੌਰ ਕੋਠਾਗੁਰੂ ਅਤੇ ਛਿੰਦਰ ਕੌਰ ਗੰਢੂਆਂ ਨੇ ਕਿਹਾ ਕਿ ਭਾਵੇਂ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਲੰਮਾ ਸਮਾਂ ਸੰਘਰਸ਼ ਕਰ ਕੇ ਸਬਰ ਤੇ ਸੰਤੋਖ ਨਾਲ ਸੰਘਰਸ਼ੀ ਲੋਕਾਂ ਤੇ ਭਰੋਸਾ ਰੱਖ ਕੇ ਲੜੀ ਜਿਸਦਾ ਨਤੀਜਾ ਸਾਰੇ ਦੁਨੀਆ ਦੇ ਸਾਹਮਣੇ ਹੈ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਨਾਲ ਜੋ ਪਿਛਲੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਪੂਰੇ ਕਰਵਾਉਣ ਲਈ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ।