ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਪਰੈਲ
ਭਾਜਪਾ ਦੀ ਸੱਤਾ ਵਾਲੀ ਦਿੱਲੀ ਨਗਰ ਨਿਗਮ ਵੱਲੋਂ ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਲਈ ਕੀਤੀ ਜਾ ਰਹੀ ਜ਼ੋਰ-ਅਜ਼ਮਾਈ ਦੌਰਾਨ ਕੌਮੀ ਰਾਜਧਾਨੀ ਦਿੱਲੀ ਦੇ ਅਹਿਮ ਆਈਐੱਨਏ ਬਾਜ਼ਾਰ ਵਿੱਚ ਮੀਟ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਕਿਉਂਕਿ ਦੁਕਾਨਦਾਰਾਂ ਨੂੰ ਕੋਈ ਲਿਖਤੀ ਹਦਾਇਤ ਅਜੇ ਤੱਕ ਨਹੀਂ ਸੀ ਮਿਲੀ, ਜਿਸ ਕਰਕੇ ਦੁਕਾਨਦਾਰਾਂ ਨੇ ਮੀਟ ਵੇਚਣ ਲਈ ਅੱਜ ਦੁਕਾਨਾਂ ਖੋਲ੍ਹੀਆਂ। ਹਾਲਾਂਕਿ ਕਈ ਥਾਈਂ ਦੁਕਾਨਦਾਰਾਂ ਨੇ ਮੀਟ ਵਾਲੀਆਂ ਦੁਕਾਨਾਂ ਬੰਦ ਰੱਖੀਆਂ। ਦੁਕਾਨਦਾਰਾਂ ਦੀ ਸਮੱਸਿਆ ਇਹ ਹੈ ਕਿ ਉਨ੍ਹਾਂ ਵੱਲੋਂ ਖਰੀਦਿਆ ਹੋਇਆ ਮਾਸ ਗਰਮੀ ਕਾਰਨ ਸੜ ਜਾਵੇਗਾ। ਇੱਕ ਦੁਕਾਨਦਾਰ ਮੁਤਾਬਕ ਬੀਤੇ ਦਿਨ ਅਚਾਨਕ ਮੀਟ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ। ਆਈਐੱਨਏ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਭੂਟਾਨੀ ਨੇ ਕਿਹਾ ਕਿ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਲਈ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੋਈ ਹੁਕਮ ਨਹੀਂ ਆਇਆ ਹੈ। ਇਸ ਇਲਾਕੇ ਵਿੱਚ ਕਰੀਬ 40 ਦੁਕਾਨਾਂ ਉਪਰ ਮੀਟ ਵਿਕਦਾ ਹੈ। ਦੱਖਣੀ ਦਿੱਲੀ ਨਗਰ ਨਿਗਮ ਅਧੀਨ ਕਰੀਬ 1500 ਮੀਟ ਦੀਆਂ ਦੁਕਾਨਾਂ ਰਜਿਸਟਰਡ ਹਨ। ਉਧਰ ਦੱਖਣੀ ਦਿੱਲੀ ਨਗਰ ਨਿਗਮ ਦੇ ਮੇਅਰ ਮੁਕੇਸ਼ ਸੂਰੀਅਨ ਵੱਲੋਂ ਕਿਹਾ ਗਿਆ ਸੀ ਕਿ ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਦੀ ਬਦਬੂ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਕਈ ਲੋਕਾਂ ਵੱਲੋਂ ਮੀਟ ਦੀਆਂ ਦੁਕਾਨਾਂ ਬਾਰੇ ਪਏ ਭੰਬਲ-ਭੂਸੇ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਹਨ।
ਦੁਕਾਨਾਂ ਬੰਦ ਕਰਨ ਬਾਰੇ ਰਲੀ-ਮਿਲੀ ਰਾਇ
ਦੱਖਣੀ ਦਿੱਲੀ ਦੇ ਮੇਅਰ ਮੁਕੇਸ਼ ਸੂਰਿਆਨ ਨੇ ਅਧਿਕਾਰੀਆਂ ਨੂੰ ਇੱਕ ਪੱਤਰ ਲਿਖ ਕੇ ਇਹ ਯਕੀਨੀ ਬਣਾਉਣ ਲਈ ਲੋੜੀਂਦੇ ਉਪਾਅ ਕਰਨ ਲਈ ਕਿਹਾ ਹੈ ਕਿ ਮੀਟ ਦੀਆਂ ਦੁਕਾਨਾਂ 11 ਅਪਰੈਲ ਤੱਕ ਬੰਦ ਰਹਿਣ। ਕਈਆਂ ਨੇ ਪ੍ਰਤੀਕਿਰਿਆ ਦਿੱਤੀ ਤੇ ਆਪਣੀ ਨਫ਼ਰਤ ਪ੍ਰਗਟ ਕੀਤੀ। ਇੱਕ ਨੇ ਲਿਖਿਆ ਕਿ ਭਾਜਪਾ ਦੀ ਦੱਖਣੀ ਦਿੱਲੀ ਦੀ ਮੇਅਰ ਆਪਣੀ ਸਿਆਸੀ ਵਿਚਾਰਧਾਰਾ ਨੂੰ ਹਿੰਦੂਆਂ ਦੇ ਵਿਸ਼ਵਾਸਾਂ ਨਾਲ ਮਿਲਾ ਰਹੀ ਹੈ। ਦਿੱਲੀ ਵਿੱਚ ਮੀਟ ਦੀ ਦੁਕਾਨ ਬੰਦ ਕਰਨ ਦਾ ਹੁਕਮ ਸੱਤਾ ਦੀ ਦੁਰਵਰਤੋਂ ਹੈ। ਦੁਨੀਆਂ ਵਿੱਚ ਕਿਤੇ ਵੀ ਅਜਿਹਾ ਕੋਈ ਨਿਯਮ ਨਹੀਂ ਹੈ। ਜੀਣ ਦਾ ਅਧਿਕਾਰ ਤੇ ਆਪਣੇ ਆਪ ਨੂੰ ਕਾਇਮ ਰੱਖਣ ਲਈ ਕੁਝ ਵੀ ਪਸੰਦ ਕਰਨਾ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ। ਮੇਹਰੋਸ ਨੇ ਕਿਹਾ ਕਿ ਨਰਾਤਿਆਂ ਦੇ 9 ਦਿਨਾਂ ਦੌਰਾਨ ਮੀਟ ਦੀਆਂ ਦੁਕਾਨਾਂ ਬੰਦ ਕਰਨ ਦਾ ਹੁਕਮ, ਸਰਾਸਰ ਮੂਰਖਤਾ ਹੈ, ਜੋ ਲੋਕ ਧਾਰਮਿਕ ਕਾਰਨਾਂ ਕਰਕੇ ਵਰਤ ਰੱਖਦੇ ਹਨ, ਉਹ ਮੀਟ ਦੀਆਂ ਦੁਕਾਨਾਂ ਦੇ ਲਾਲਚ ਵਿੱਚ ਨਹੀਂ ਆਉਣਗੇ, ਤਾਂ ਫਿਰ ਮੀਟ ਮਾਲਕ ਨੁਕਸਾਨ ਕਿਉਂ ਝੱਲਣ। ਨਾਲ ਹੀ, ਮੀਟ ਦੀਆਂ ਦੁਕਾਨਾਂ ’ਤੇ ਪਾਬੰਦੀ ਲਗਾਉਣ ਨੂੰ ਅਧਿਕਾਰਾਂ ਦੀ ਉਲੰਘਣਾ ਵਜੋਂ ਦੇਖਿਆ ਜਾਵੇਗਾ। ‘ਸਟਰਜਨ ਦਾ ਕਾਨੂੰਨ’ ਨੇ ਕਿਹਾ ਕਿ ਸਮੱਸਿਆ ਭਾਜਪਾ ਦੁਆਰਾ ਚਲਾਏ ਜਾਣ ਵਾਲੇ ਦੱਖਣੀ ਦਿੱਲੀ ਨਗਰ ਨਿਗਮ ਦੀ ਨਹੀਂ ਹੈ, ਬਲਕਿ ਇਹ ਤੱਥ ਹੈ ਕਿ ਅਜਿਹੀਆਂ ਚੀਜ਼ਾਂ ਦੇਸ਼ ਵਿੱਚ ਵਿਕਦੀਆਂ ਹਨ ਜੋ ਬਹੁਗਿਣਤੀ ਦੀਆਂ ਭਾਵਨਾਵਾਂ ’ਤੇ ਚਲਦੀਆਂ ਹਨ। ਗੁਨੀਤ ਮਲਿਕ ਨੇ ਕਿਹਾ ਕਿ ਦਿੱਲੀ 13 ਫ਼ੀਸਦ ਮੁਸਲਿਮ, 5 ਫ਼ੀਸਦ ਸਿੱਖ, ਆਦਿ ਹੈ ਤੇ ਬਹੁਤ ਸਾਰੇ ਹਿੰਦੂ ਛੁੱਟੀਆਂ ਦੇ ਸਮੇਂ ਦੌਰਾਨ ਮਾਸ ਖਾਂਦੇ ਹਨ। ਇਨ੍ਹਾਂ ਦੁਕਾਨਾਂ ਨੂੰ ਮਹੀਨੇ ਦੇ ਲਗਭਗ 1/3 ਦਿਨ ਲਈ ਬੰਦ ਕਰਨ ਲਈ ਮਜ਼ਬੂਰ ਕਰਨਾ ਸਿਰਫ਼ ਸੱਭਿਆਚਾਰਕ ਯੁੱਧ ਨਹੀਂ ਹੈ ਸਗੋਂ ਘੱਟ-ਗਿਣਤੀਆਂ ਦੀ ਮਲਕੀਅਤ ਵਾਲੇ ਕਾਰੋਬਾਰਾਂ ਵਿਰੁੱਧ ਆਰਥਿਕ ਯੁੱਧ ਹੈ।ਮੇਨਕਾ ਦੋਸ਼ੀ ਨੇ ਨੋਟ ਕੀਤਾ ਕਿ ਦੱਖਣੀ ਦਿੱਲੀ ਦੇ ਮੇਅਰ ਸਾਰੇ ਮੀਟ ਦੀਆਂ ਦੁਕਾਨਾਂ ਤੇ ਸ਼ਰਾਬ ਦੀ ਵਿਕਰੀ ਨੂੰ 9 ਦਿਨਾਂ ਲਈ ਬੰਦ ਕਰਨਾ ਚਾਹੁੰਦੇ ਹਨ ਤਾਂ ਜੋ ਵਰਤ ਰੱਖਣ ਵਾਲੇ ਹਿੰਦੂਆਂ ਨੂੰ ਨਾਰਾਜ਼ ਨਾ ਕੀਤਾ ਜਾਵੇ।