ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਮਾਸਟਰ ਪਲਾਨ ਦੀਆਂ ਕਮੀਆਂ ਬਾਰੇ ਵਿਸਥਾਰਤ ਰਿਪੋਰਟ ਤਿਆਰ ਕੀਤੀ ਤੇ ਇਸਨੂੰ ਕੇਂਦਰੀ ਸ਼ਹਿਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਤੇ ਦਿੱਲੀ ਦੇ ਉਪ ਰਾਜਪਾਲ ਨੂੰ ਸੌਂਪੀ।
ਇਸ ਮੌਕੇ 16 ਮੈਂਬਰੀ ਕਮੇਟੀ ਦੇ ਚੇਅਰਮੈਨ ਡਾ. ਸੂਬਾ ਪ੍ਰਧਾਨ ਅਨਿਲ ਕੁਮਾਰ ਦੇ ਨਾਲ ਕਮੇਟੀ ਦੇ ਚੇਅਰਮੈਨ ਡਾ. ਨਰਿੰਦਰ ਨਾਥ, ਮੈਂਬਰ ਹਰੀ ਸ਼ੰਕਰ ਗੁਪਤਾ ਤੇ ਵਿਜੈ ਸਿੰਘ ਵੀ ਅੱਜ ਰਾਜ ਦਫਤਰ, ਰਾਜੀਵ ਭਵਨ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਹਾਜ਼ਰ ਸਨ। ਅਨਿਲ ਕੁਮਾਰ ਨੇ ਕਿਹਾ ਕਿ ਕਮੇਟੀ ਵੱਲੋਂ ਫਾਈਨਲ ਮਾਸਟਰ ਪਲਾਨ 2041 ਦੇ ਖਰੜੇ ਦੀ ਸਮੀਖਿਆ ਕਰਨ ਤੋਂ ਬਾਅਦ ਇਸ ਵਿੱਚ ਕਮੀਆਂ ਬਾਰੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ 2-3 ਸਾਲਾਂ ਵਿੱਚ ਮਾਸਟਰ ਪਲਾਨ 2041 ਦਾ ਲਗਪੱਗ 1500 ਪੰਨਿਆਂ ਦਾ ਖਰੜਾ ਤਿਆਰ ਕਰਨ ਲਈ ਦਿੱਲੀ ਵਾਸੀਆਂ ਤੋਂ ਸੁਝਾਅ ਮੰਗਣ ਲਈ ਇੱਕ ਮਹੀਨਾ ਰੱਖ ਕੇ ਸਿਰਫ ਰਸਮ ਪੂਰੀ ਕੀਤੀ ਹੈ। ਸੁਝਾਅ ਮੰਗੇ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਸਰਵੇਖਣ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ‘ਘਰ ਦੇ ਅਧਿਕਾਰ’ ਦੀ ਬਜਾਏ, ਕੇਂਦਰ ਸਰਕਾਰ ਦਿੱਲੀ ਵਿੱਚ ਗਰੀਬਾਂ ਲਈ ਕਾਂਗਰਸ ਸਰਕਾਰ ਦੁਆਰਾ ਬਣਾਏ ਗਏ 45,000 ਘਰ ‘ਕਿਰਾਏ ਤੇ’ ਦੇਣ ਦੀ ਤਿਆਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਲੈਂਡ ਪੂਲਿੰਗ ਲਾਗੂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਗਮ ਵਿਹਾਰ ਵਿੱਚ 7-8 ਲੱਖ ਲੋਕ ਰਹਿੰਦੇ ਹਨ ਜਦੋਂ ਕਿ ਇਸ ਖੇਤਰ ਨੂੰ ਡਰਾਫਟ ਫਾਈਨਲ ਮਾਸਟਰ ਪਲਾਨ 2041 ਵਿੱਚ ਰਿਜ ਫਾਰੈਸਟ ਲੈਂਡ ਵਿੱਚ ਸ਼ਾਮਲ ਕੀਤਾ ਗਿਆ ਹੈ।