ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਨਵੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਹਵਾ ਪ੍ਰਦੂਸ਼ਣ, ਡੇਂਗੂ, ਕੋਵਿਡ, ਗੰਦੇ ਪਾਣੀ ਵਰਗੀਆਂ ਸਾਰੀਆਂ ਸਮੱਸਿਆਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਦਿੱਲੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਸਮੇਤ ਕੈਬਨਿਟ ਦੇ ਮੰਤਰੀ ਦਿੱਲੀ ਤੋਂ ਬਾਹਰ ਚੋਣ ਲੜਨ ਤੁਰੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਪੰਜਾਬ ਦੇ ਦੌਰੇ ’ਤੇ ਹਨ, ਜਦ ਕਿ ਹੋਰ ਮੰਤਰੀ, ਵਿਧਾਇਕ ਗੋਆ ਅਤੇ ਉਤਰਾਖੰਡ ਦੇ ਚੋਣ ਦੌਰੇ ’ਤੇ ਹਨ। ਉਨ੍ਹਾਂ ਕੇਜਰੀਵਾਲ ਵੱਲੋਂ ਪੰਜਾਬ ਦੀ ਹਰ ਔਰਤ ਦੇ ਖਾਤੇ ਵਿੱਚ 1000 ਰੁਪਏ ਪਾਉਣ ਦੇ ਐਲਾਨ ਨੂੰ ਚੋਣ ਡਰਾਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ 10 ਗਾਰੰਟੀਆਂ ਦਿੱਤੀਆਂ ਸਨ, ਜਿਨ੍ਹਾਂ ਵਿੱਚੋਂ ਇਕ ਵੀ ਪੂਰੀ ਨਹੀਂ ਹੋਈ, ਕੁਝ ਗਾਰੰਟੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਨੂੰ ਪੂਰਾ ਕਰਨ ਤੋਂ ਹੁਣ ਇਨਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਵਿੱਚ ਵੋਟਾਂ ਲੈ ਕੇ 1000 ਰੁਪਏ ਦੇਣ ਦੀ ਗੱਲ ਕਰਨ ਤੋਂ ਪਹਿਲਾਂ ਦਿੱਲੀ ਵਿੱਚ ਲਾਗੂ ਕਰਨਾ ਚਾਹੀਦਾ ਸੀ। ਕੇਜਰੀਵਾਲ ਨੂੰ ਔਰਤ ਵਿਰੋਧੀ ਦੱਸਦਿਆਂ ਪ੍ਰਧਾਨ ਨੇ ਕਿਹਾ ਕਿ ਦਿੱਲੀ ਦੀਆਂ ਔਰਤਾਂ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਲਈ ਤਿੰਨ ਵਾਰ ਵੋਟਾਂ ਪਾਈਆਂ, ਫਿਰ ਵੀ ਦਿੱਲੀ ਮੰਤਰੀ ਮੰਡਲ ਵਿੱਚ ਇੱਕ ਵੀ ਮਹਿਲਾ ਮੰਤਰੀ ਨੂੰ ਥਾਂ ਨਹੀਂ ਦਿੱਤੀ ਗਈ। ਕਾਂਗਰਸ ਸਰਕਾਰ ਵੱਲੋਂ ਲੜਕੀਆਂ ਲਈ ਚਲਾਈ ਜਾ ਰਹੀ ਲਾਡਲੀ ਸਕੀਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ। ਕੇਜਰੀਵਾਲ ਦੀ ਨਸ਼ੇ ਦੀ ਰਾਜਧਾਨੀ ਬਣਾਉਣ ਵਾਲੀ ਸ਼ਰਾਬ ਨੀਤੀ ਨੂੰ ਲੈ ਕੇ ਦਿੱਲੀ ਦੀਆਂ ਔਰਤਾਂ ਸੜਕਾਂ ’ਤੇ ਹਨ, ਅਜਿਹੇ ’ਚ ਪੰਜਾਬ ਜਾ ਕੇ ਵੱਡੀਆਂ-ਵੱਡੀਆਂ ਗੱਲਾਂ ਕਰਨ ਤੋਂ ਪਹਿਲਾਂ ਕੇਜਰੀਵਾਲ ਨੂੰ ਦਿੱਲੀ ਦੀਆਂ ਔਰਤਾਂ ਨਾਲ ਕੀਤੇ ਧੋਖੇ ਦਾ ਜਵਾਬ ਦੇਣਾ ਚਾਹੀਦਾ ਹੈ।