ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਜੁਲਾਈ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ 10 ਮੈਂਬਰੀ ਕਮੇਟੀ ਦੇ ਨਾਲ ਅੱਜ ਪੂਰਬੀ ਲਕਸ਼ਮੀ ਮਾਰਕੀਟ ਖੁਰੇਜੀ ਖਾਸ, ਪੂਰਬੀ ਦਿੱਲੀ ਦਾ ਦੌਰਾ ਕੀਤਾ, ਜਿਥੇ ਸਰਕਾਰ ਨੇ ਗੈਰ ਕਾਨੂੰਨੀ ਉਸਾਰੀ ਵਿੱਚ ਬਣੇ 100 ਤੋਂ ਵੱਧ ਮਕਾਨ ਢਾਹ ਦਿੱਤੇ। ਕਮੇਟੀ ਨੇ ਦੇਖਿਆ ਕਿ ਕਿਵੇਂ ਬੇਘਰੇ ਬਿਨਾਂ ਸੁਰੱਖਿਆ ਤੇ ਸਿਹਤ ਸਹੂਲਤਾਂ ਦੇ ਸੜਕ ’ਤੇ ਗੁਜ਼ਾਰਾ ਕਰ ਰਹੇ ਹਨ ਜਦਕਿ ਅਰਵਿੰਦ ਸਰਕਾਰ ਲੋਕਾਂ ਨੂੰ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਘਰ ’ਚ ਰਹਿਣ ਦੀ ਸਲਾਹ ਦਿੰਦੀ ਹੈ। ਪ੍ਰਧਾਨ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਕੋਵਿਡ-19 ਬੰਦ ਹੋਣ ਕਾਰਨ ਬੇਰੁਜ਼ਗਾਰੀ ਤੇ ਰੋਜ਼ੀ-ਰੋਟੀ ਦੀ ਘਾਟ ਕਾਰਨ ਲੋਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਦਿੱਲੀ ਲਾਅਜ਼ (ਸਪੈਸ਼ਲ ਪ੍ਰੋਵੀਜ਼ਨਜ਼) ਦੂਸਰਾ ਐਕਟ 2011 ਦੇ ਅਧੀਨ 14 ਫਰਵਰੀ 2015 ਤੋਂ ਪਹਿਲਾਂ ਨਿਪਟਾਰਾ ਕੀਤੀ ਗਈ ਇਸ ਝੌਂਪੜੀ ਨੂੰ ਬਣਾਏ ਗਏ ਮਕਾਨ ਦਿੱਤੇ ਬਗੈਰ ਉਜਾੜਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਨੂੰਨ ਵਿੱਚ 2017 ਦੇ ਸੋਧ ਅਨੁਸਾਰ ਢਾਹੁਣ ਤੇ ਸੀਲਿੰਗ ਨੂੰ 31 ਦਸੰਬਰ 2020 ਤੱਕ ਰੋਕ ਦਿੱਤਾ ਗਿਆ ਸੀ ਤਾਂ ਜੋ ਸਰਕਾਰ ਇਸ ਸਬੰਧ ’ਚ ਕੋਈ ਨੀਤੀ ਤਿਆਰ ਕਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਅਰਵਿੰਦ ਸਰਕਾਰ ਤੇ ਭਾਜਪਾ ਸਰਕਾਰ ਆਪਣੇ ਆਪ ਨੂੰ ਗਰੀਬਾਂ ਦੀ ਸਰਕਾਰ ਅਖਵਾਉਂਦੀਆ ਹੈ ਤਾਂ ਫਿਰ ਗਰੀਬਾਂ ਪ੍ਰਤੀ ਕੋਈ ਦਇਆ ਕਿਉਂ ਨਹੀਂ ਵਿਖਾਈ, ਜਦਕਿ ਕਰੋਨਾ ਮਹਾਮਾਰੀ ਕਾਰਨ ਹਰ ਕੋਈ ਆਪਣੇ ਭਵਿੱਖ ਅਤੇ ਬਚਾਅ ਬਾਰੇ ਚਿੰਤਤ ਹੈ। ਉਨ੍ਹਾਂ ਮੰਗ ਕੀਤੀ ਕਿ ਅਰਵਿੰਦ ਸਰਕਾਰ ਤੇ ਭਾਜਪਾ ਸਰਕਾਰ ਗਰੀਬ ਲੋਕਾਂ ਲਈ ਟਰਾਂਜ਼ਿਟ ਕੈਂਪ ਤੇ ਖਾਣੇ ਲਈ ਤੁਰੰਤ ਪ੍ਰਬੰਧ ਕਰੇ।