ਨਵੀਂ ਦਿੱਲੀ (ਪੱਤਰ ਪ੍ਰੇਰਕ): ਸੀਬੀਆਈ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਮਾਮਲਾ ਦਰਜ ਕਰਨ ਮਗਰੋਂ ਕਾਂਗਰਸ ਵੱਲੋਂ ਕੌਮੀ ਰਾਜਧਾਨੀ ਵਿੱਚ ਲਗਾਤਾਰ ‘ਆਪ’ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਅੱਜ ਕਾਂਗਰਸੀ ਕਾਰਕੁਨਾਂ ਨੇ ਮਨੀਸ਼ ਸਿਸੋਦੀਆ ਦੇ ਵਿਧਾਨ ਸਭਾ ਹਲਕੇ ਪੂਰਬੀ ਦਿੱਲੀ ਦੇ ਪੜਪੜਗੰਜ ਇਲਾਕੇ ਵਿੱਚ ਦਿੱਲੀ ਸਰਕਾਰ ਦੇ ਨੀਲੇ ਬੋਰਡ ’ਤੇ ਲੱਗੀ ਸਿਸੋਦੀਆ ਦੀ ਤਸਵੀਰ ’ਤੇ ਕਾਲਖ਼ ਮਲ ਦਿੱਤੀ ਹੈ। ਇਸ ਦੌਰਾਨ ਕੁੱਝ ਸਥਾਨਕ ਕਾਰਕੁਨਾਂ ਨੇੇ ਮਨੀਸ਼ ਸਿਸੋਦੀਆ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਿਰ ਤੋਂ ਪੈਰਾਂ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬੀ ਕਰਾਰ ਦਿੱਤਾ। ਇਸ ਤੋਂ ਇਲਾਵਾ ਕੁਝ ਕਾਂਗਰਸੀ ਕਾਰਕੁਨਾਂ ਨੇ ਪੜਪੜਗੰਜ ਵਿੱਚ ਸਥਿਤ ਇੱਕ ਸਕੂਲ ਉਪਰ ਲੱਗੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੀ ਸਾਂਝੀ ਤਸਵੀਰ ’ਤੇ ਵੀ ਕਾਲਾ ਰੰਗ ਛਿੜਕ ਦਿੱਤਾ।