ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਈ
ਭਾਰਤ ਰਤਨ ਮਰਹੂਮ ਰਾਜੀਵ ਗਾਂਧੀ ਦੀ 31ਵੀਂ ਬਰਸੀ ਮੌਕੇ ਦਿੱਲੀ ਤੇ ਐੱਨਸੀਆਰ ਵਿੱਚ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਕਾਂਗਰਸ ਦੇ ਵੱਖ-ਵੱਖ ਵਿੰਗਾਂ ਵੱਲੋਂ ਮਰਹੂਮ ਆਗੂ ਦੇ ਕਾਰਜਾਂ ਨੂੰ ਯਾਦ ਕੀਤਾ ਗਿਆ। ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਤੇ ਸਾਥੀਆਂ ਵੱਲੋਂ ‘ਵੀਰ ਭੂਮੀ’ ਵਿੱਚ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਇਸ ਮੌਕੇ ਕਿਹਾ ਕਿ ਸਿੱਖਿਆ, ਸੰਚਾਰ ਤੇ ਤਕਨੀਕੀ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਕੀਤੀਆਂ ਤੇ ਦੇਸ਼ ਦੇ ਨੌਜਵਾਨ ਪ੍ਰਧਾਨ ਮੰਤਰੀ ਬਣੇ। ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦਾ ਅਧਿਕਾਰ ਦਿੱਤਾ। ਨੌਜਵਾਨਾਂ ਲਈ ਰੁਜ਼ਗਾਰ ਮੁਖੀ ਨੀਤੀਆਂ ਘੜੀਆਂ। ਇਸੇ ਦੌਰਾਨ ਯੂਥ ਕਾਂਗਰਸ ਵੱਲੋਂ ‘ਰਾਜੀਵ ਕ੍ਰਾਂਤੀ’ ਭਾਰਤ ਜੋੜੋ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋਏ, ਜਿਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਯੂਥ ਕਾਂਗਰਸ ਦੇ ਆਗੂ ਸ੍ਰੀਨਿਵਾਸ ਬੀ.ਵੀ. ਨੇ ਕਿਹਾ ਕਿ ਡਿਜੀਟਲ ਕ੍ਰਾਂਤੀ ਸ੍ਰੀ ਰਾਜੀਵ ਗਾਂਧੀ ਨੇ ਲਿਆਂਦੀ ਤੇ ਦੇਸ਼ ਨੂੰ ਜੋੜਿਆ। ਉਨ੍ਹਾਂ ਗੁਆਂਢੀ ਮੁਲਕਾਂ ਨਾਲ ਸਬੰਧ ਬਿਹਤਰ ਬਣਾਏ।