ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਜੂਨ
ਇਥੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਮੇਤ ਹੋਰ ਕਾਂਗਰਸੀ ਆਗੂਆਂ ਤੇ ਕਾਰਕੁਨਾਂ ਨੂੰ ਦਿੱਲੀ ਪੁਲੀਸ ਨੇ ਇੰਡੀਆ ਗੇਟ ਨੇੜੇ ਹਿਰਾਸਤ ਵਿੱਚ ਲੈ ਲਿਆ। ਸੂਬਾ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਆਪਣੇ ਨਾਲ ਹੋਰ ਕਾਂਗਰਸੀ ਆਗੂਆਂ ਰਾਜ ਸਭਾ ਮੈਂਬਰ ਹੁਸੈਨ ਦਲਵਈ, ਪ੍ਰਦੇਸ਼ਕ ਉਪ ਪ੍ਰਧਾਨ ਸ਼ਿਵਾਨੀ ਚੋਪੜਾ, ਸਾਬਕਾ ਵਿਧਾਇਕ ਆਦਰਸ਼ ਸ਼ਾਸਤਰੀ ਤੇ ਰੋਮੇਸ਼ ਸੱਭਰਵਾਲ ਕੁਝ ਕਾਰਕੁਨਾਂ ਨਾਲ ਇੰਡੀਆ ਗੇਟ ਖੇਤਰ ਦੇ ਨੈਸ਼ਨਲ ਸਟੇਡੀਅਮ ਨੇੜੇ ਇਕੱਠੇ ਹੋਏ ਤੇ ‘ਸ਼ਹੀਦਾਂ ਨੂੰ ਸਲਾਮ ਦਿਵਸ’ ਮਨਾਉਂਦੇ ਹੋਏ ਇਕੱਠੇ ਹੋਏ। ਇਹ ਮੌਨ ਪ੍ਰਦਰਸ਼ਨ ਦਿੱਲੀ ਕਾਂਗਰਸ ਵੱਲੋਂ ਚੀਨੀ ਫ਼ੌਜਾਂ ਦੇ ਹਮਲੇ ਵਿੱਚ ਸ਼ਹੀਦ ਹੋਏ 20 ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜ਼ਲੀ ਦੇਣ ਸਮੇਂ ਕੀਤਾ ਗਿਆ। ਸ੍ਰੀ ਅਨਿਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਤੋਂ ਚੀਨ ਨਾਲ ਸਰਹੱਦੀ ਮਾਮਲਿਆਂ ਬਾਰੇ ਸਵਾਲ ਪੁੱਛੇ ਜਾ ਰਹੇ ਹਨ ਪਰ ਕੋਈ ਜਵਾਬ ਦੇਣ ਦੀ ਵਜਾਏ ਉਨ੍ਹਾਂ (ਪ੍ਰਦਰਸ਼ਨਕਾਰੀਆਂ) ਨੂੰ ਹੀ ਚੁੱਪ ਕਰਵਾਇਆ ਜਾ ਰਿਹਾ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਤੇ ਸਾਥੀ ਆਗੂਆਂ ਨੂੰ ਚੁੱਕਿਆ ਤੇ ਬੱਸ ਵਿੱਚ ਸੁੱਟ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਿੱਲੀ ਪੁਲੀਸ ਨੇ ਭਾਰਤ ਲਈ ਜਾਨ ਵਾਰਨ ਵਾਲੇ ਬਹਾਦਰ ਸਿਪਾਹੀਆਂ ਨੂੰ ਸ਼ਰਧਾਂਜਲੀ ਤੱਕ ਭੇਟ ਨਹੀਂ ਕਰਨ ਦਿੱਤੀ। ਦੂਜੇ ਪਾਸੇ ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਕਾਂਗਰਸੀ ਆਗੂ ਨੈਸ਼ਨਲ ਸਟੇਡੀਅਮ ਨੇੜੇ ਇਕੱਠੇ ਹੋਏ ਪਰ ਉਨ੍ਹਾਂ ਕੋਲ ਇੱਥੇ ਇਕੱਠੇ ਹੋਣ ਦੀ ਮਨਜ਼ੂਰੀ ਨਹੀਂ ਸੀ। ਉਨ੍ਹਾਂ ਨੂੰ ਇੱਥੋਂ ਜਾਣ ਲਈ ਕਿਹਾ ਗਿਆ ਪਰ ਉਹ ਨਹੀਂ ਹਿੱਲੇ ਇਸ ਕਰਕੇ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਦੀਆਂ ਕੋਵਿਡ ਮਹਾਮਾਰੀ ਕਰਕੇ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਉਹ ਅੱਗੇ ਵਧਣ ਲਈ ਬਜ਼ਿੱਦ ਰਹੇ ਜਿਸ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ।