ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੂਨ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਸੂਬਾ ਕਾਂਗਰਸ ਦੇ ਵਫ਼ਦ ਨੇ ਅੱਜ ਦਿੱਲੀ ਸਰਕਾਰ ਵੱਲੋਂ ਨਵੀਂ ਆਬਕਾਰੀ ਨੀਤੀ 2021-22 ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ ਓਏਸਿਸ ਗਰੁੱਪ ਦੀਆਂ ਚੋਣਵੀਆਂ ਕੰਪਨੀਆਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਸ਼ਰਾਬ ਦਾ ਲਾਇਸੈਂਸ ਦੇਣ ਦੀ ਵੰਡ ਦੀ ਜਾਂਚ ਮੰਗੀ। ਉਨ੍ਹਾਂ ਇਸ ਸਬੰਧ ‘ਚ ਪੁਲੀਸ ਹੈੱਡਕੁਆਰਟਰ ਵਿਖੇ ਸਪੈਸ਼ਲ ਕਮਿਸ਼ਨਰ (ਕ੍ਰਾਈਮ ਬ੍ਰਾਂਚ) ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਸੂਬਾ ਕਾਂਗਰਸ ਦੇ ਵਫ਼ਦ ਨੇ ਸ਼ਰਾਬ ਦੇ ਲਾਇਸੈਂਸਾਂ ਦੀ ਵੰਡ ਵਿੱਚ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕੀਤੀਆਂ ਗਈਆਂ ਬੇਨਿਯਮੀਆਂ ਤੇ ਪੱਖਪਾਤ ਸਬੰਧੀ ਠੋਸ ਦਸਤਾਵੇਜ਼ਾਂ ਸਮੇਤ ਵਿਸ਼ੇਸ਼ ਪੁਲੀਸ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ।
ਕੁਮਾਰ ਨੇ ਦੱਸਿਆ ਕਿ ਸਪੈਸ਼ਲ ਕਮਿਸ਼ਨਰ (ਅਪਰਾਧ ਸ਼ਾਖਾ) ਨੇ ਸੂਬਾ ਕਾਂਗਰਸ ਦੇ ਵਫ਼ਦ ਦੀ ਸ਼ਿਕਾਇਤ ਨੂੰ ਸੁਣਿਆ ਅਤੇ ਸੂਬਾ ਕਾਂਗਰਸ ਵੱਲੋਂ ਲਾਏ ਗਏ ਦੋਸ਼ਾਂ ‘ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਵਫ਼ਦ ਵਿੱਚ ਸੂਬਾ ਪ੍ਰਧਾਨ ਚੌਧਰੀ ਅਨਿਲ ਕੁਮਾਰ ਨਾਲ ਸਾਬਕਾ ਵਿਧਾਇਕ ਅਤੇ ਸੰਚਾਰ ਵਿਭਾਗ ਦੇ ਚੇਅਰਮੈਨ ਅਨਿਲ ਭਾਰਦਵਾਜ, ਸਾਬਕਾ ਵਿਧਾਇਕ ਅਤੇ ਸੂਬਾ ਮੀਤ ਪ੍ਰਧਾਨ ਜੈ ਕਿਸ਼ਨ, ਸਾਬਕਾ ਵਿਧਾਇਕ ਵਿਜੇ, ਸੂਬਾ ਮੀਤ ਪ੍ਰਧਾਨ ਮੁਦਿਤ ਅਗਰਵਾਲ, ਅਲੀ ਮਹਿਦੀ ਅਤੇ ਕਾਨੂੰਨੀ ਅਤੇ ਮਨੁੱਖੀ ਅਧਿਕਾਰ ਵਿਭਾਗ ਦੇ ਚੇਅਰਮੈਨ ਐਡਵੋਕੇਟ ਸੁਨੀਲ ਕੁਮਾਰ ਮੁੱਖ ਤੌਰ ‘ਤੇ ਸ਼ਾਮਲ ਸਨ।