ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਸਤੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਕੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਕੋਲ ਡੀਟੀਸੀ ਡਿਪੂ ’ਤੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਦਾ ਕੋਈ ਜਵਾਬ ਹੈ। ਉਨ੍ਹਾਂ ਕਿਹਾ ਕਿ ਬੁਰਾੜੀ ਬੱਸ ਡਿਪੂ ’ਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਈ-ਬੱਸਾਂ ਬਿਨਾਂ ਚਾਰਜ ਬੁਰਾੜੀ ਡਿੱਪੂ ਅੰਦਰ ਖੜ੍ਹੀਆਂ ਹਨ ਅਤੇ ਡਰਾਈਵਰ ਤੇ ਕੰਡਕਟਰ ਦਿੱਲੀ ਸਰਕਾਰ ਦੀ ਨਾਕਾਮੀ ਨੂੰ ਦੇਖ ਕੇ ਬੇਵੱਸ ਨਜ਼ਰ ਆ ਰਹੇ ਹਨ| ਉਨ੍ਹਾਂ ਆਖਿਆ ਕਿ ਕੀ ਮੰਤਰੀ ਕੈਲਾਸ਼ ਗਹਿਲੋਤ ਡੀਟੀਸੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਡੀਟੀਸੀ ਦੇ ਹੋਏ ਨੁਕਸਾਨ ਲਈ ਜਵਾਬਦੇਹੀ ਤੈਅ ਕਰਨਗੇ। ਸ੍ਰੀ ਯਾਦਵ ਨੇ ਦੱਸਿਆ ਕਿ ਇਲੈਕਟ੍ਰਿਕ ਬੱਸਾਂ ਦੇ ਰੱਖ-ਰਖਾਅ ਲਈ ਬਣਾਏ ਗਏ ਬੁਰਾੜੀ ਬੱਸ ਡਿਪੂ ਦਾ ਕੰਮ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਡੀਟੀਸੀ ਬੱਸਾਂ ਦੀ ਗਿਣਤੀ ਪਹਿਲਾਂ ਹੀ ਬਹੁਤ ਘੱਟ ਹੈ, ਜੇ ਡਿੱਪੂਆਂ ਵਿੱਚ ਬਿਜਲੀ ਨਾ ਹੋਣ ਕਾਰਨ ਬੱਸਾਂ ਦੇ ਚਾਰਜ ਨਾ ਲੱਗੇ ਤਾਂ ਦੂਜੇ ਵਾਹਨਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਰਾਜਧਾਨੀ ਵਿੱਚਹ ਪ੍ਰਦੂਸ਼ਣ ਵਧੇਗਾ। ਉਨ੍ਹਾਂ ਕਿਹਾ ਕਿ ਅੱਜ ਕੇਜਰੀਵਾਲ ਸਰਕਾਰ ਨੇ ਦਿੱਲੀ ਦੀ ਟਰਾਂਸਪੋਰਟ ਵਿਵਸਥਾ ਨੂੰ ਤਬਾਹ ਕਰ ਦਿੱਤਾ ਹੈ। ਦਿੱਲੀ ਦੀ ਪਬਲਿਕ ਟਰਾਂਸਪੋਰਟ ਸਿਸਟਮ ਟਰਾਂਜ਼ਿਟ ਬੱਸਾਂ ’ਤੇ ਆਧਾਰਿਤ ਹੈ। ਉਨ੍ਹਾਂ ਆਖਿਆ ਕਿ ਡੀਟੀਸੀ ਬੱਸਾਂ ਸਿਰਫ਼ ਨਾਮ ਦੀਆਂ ਹਨ, ਡਿੱਪੂਆਂ ਵਿੱਚ ਬਿਜਲੀ ਨਾ ਹੋਣ ਕਾਰਨ ਇਲੈਕਟ੍ਰਿਕ ਬੱਸਾਂ ਸੇਵਾ ਵਿੱਚ ਨਹੀਂ ਆ ਰਹੀਆਂ।