ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜਨਵਰੀ
ਭਾਜਪਾ ਦੀ ਆਲੋਚਨਾ ਕਰਦੇ ਹੋਏ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਗਾਇਆ ਕਿ ਭਾਜਪਾ ਸਿੱਖਿਆ ਦੀ ਵਿਰੋਧੀ ਬਣ ਗਈ ਹੈ। ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਐਨਸੀਪੀਸੀਆਰ) ਦੀ ਮਦਦ ਨਾਲ ‘ਦੇਸ਼ ਕੇ ਮੈਂਟਰ’ ਪ੍ਰੋਗਰਾਮ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼ ਰਚ ਰਹੀ ਹੈ। ਸਿਸੋਦੀਆ ਨੇ ਕਿਹਾ ਕਿ ‘ਐਨਸੀਪੀਸੀਆਰ’ ਨੇ ਸਿਫ਼ਾਰਸ਼ ਕੀਤੀ ਹੈ ਕਿ ਪ੍ਰੋਗਰਾਮ ਨੂੰ ਉਦੋਂ ਤੱਕ ਮੁਅੱਤਲ ਕਰ ਦਿੱਤਾ ਜਾਵੇ ਜਦੋਂ ਤੱਕ ਸੁਰੱਖਿਆ ‘ਕਮੀਆਂ’ ਨੂੰ ‘ਪੂਰਾ ਨਹੀਂ’ ਕੀਤਾ ਜਾਂਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ‘ਦੇਸ਼ ਕੇ ਮੈਂਟਰ’ ਪ੍ਰੋਗਰਾਮ ਨੂੰ ਰੋਕਣ ਲਈ ਹਾਸੋਹੀਣੇ ਕਾਰਨ ਦੇ ਰਹੀ ਹੈ, ਉਹ ਚਾਹੁੰਦੇ ਹਨ ਕਿ ਦਿੱਲੀ ਸਰਕਾਰ ਗ਼ਰੀਬ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਰੀਅਰ ਮਾਰਗਦਰਸ਼ਨ ਦੇਣ ਦੀ ਬਜਾਇ ਉਨ੍ਹਾਂ ਦੀ ਪੁਲੀਸ ਵੈਰੀਫਿਕੇਸ਼ਨ ਕਰੇ। ਪ੍ਰੋਗਰਾਮ ਖ਼ਿਲਾਫ਼ ਦਰਜ ਕੀਤੀ ਗਈ ਸ਼ਿਕਾਇਤ ਬਾਰੇ ਗੱਲ ਕਰਦੇ ਹੋਏ ਸਿਸੋਦੀਆ ਨੇ ਕਿਹਾ ਕਿ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਕੋਈ ਨਹੀਂ ਸਗੋਂ ਛੱਤੀਸਗੜ੍ਹ ਦਾ ਭਾਜਪਾ ਦਾ ਵਰਕਰ ਹੈ।
ਉਨ੍ਹਾਂ ਕਿਹਾ, ‘‘ਜਦੋਂ ਉਨ੍ਹਾਂ ਨੇ ਸਾਨੂੰ ਨੋਟਿਸ ਭੇਜਿਆ ਸੀ ਤਾਂ ਅਸੀਂ ਕਮਿਸ਼ਨ ਨੂੰ ਸਪੱਸ਼ਟ ਤੌਰ ’ਤੇ ਜਵਾਬ ਦਿੱਤਾ ਕਿ ਅਸੀਂ ਬੱਚਿਆਂ ਦੀ ਸੁਰੱਖਿਆ ਲਈ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ ਤੇ ਸਲਾਹਕਾਰਾਂ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਮਨੋਵਿਗਿਆਨਕ ਟੈਸਟਾਂ ਦੀ ਵਰਤੋਂ ਕਰ ਰਹੇ ਹਾਂ। ਪਰ ਉਨ੍ਹਾਂ ਨੇ ਇੱਕ ਹੋਰ ਨੋਟਿਸ ਭੇਜਿਆ ਹੈ ਜਿਸ ਵਿੱਚ ਇਹ ਉਜਾਗਰ ਕੀਤਾ ਗਿਆ ਹੈ ਕਿ ਸਲਾਹਕਾਰ (ਜੋ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਨ) ਦੀ ਪੁਲੀਸ ਤਸਦੀਕ ਨਹੀਂ ਹੋ ਰਹੀ ਹੈ ਤੇ ਸਲਾਹਕਾਰ (ਜੋ ਅਜਿਹੇ ਨਾਮਵਰ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਹਨ) ਬੱਚਿਆਂ ਨਾਲ ਸਬੰਧਿਤ ਅਪਰਾਧਾਂ ਵਿੱਚ ਸ਼ਾਮਲ ਹੋ ਸਕਦੇ ਹਨ।’
ਮੰਤਰੀ ਨੇ ਕਿਹਾ ਕਿ ‘ਦੇਸ਼ ਕੇ ਮੈਂਟਰ’ ਪ੍ਰੋਗਰਾਮ ਕੇਜਰੀਵਾਲ ਸਰਕਾਰ ਦਾ ਦੇਸ਼ ਦਾ ਸਭ ਤੋਂ ਵੱਡਾ ਸਲਾਹਕਾਰ ਪ੍ਰੋਗਰਾਮ ਹੈ। ਇਸ ਦਾ ਉਦੇਸ਼ ਨੌਜਵਾਨਾਂ ਦਾ ਅਜਿਹਾ ਭਾਈਚਾਰਾ ਬਣਾਉਣਾ ਹੈ ਜੋ ਵਿਦਿਆਰਥੀਆਂ ਲਈ ਆਪਣੇ ਕਰੀਅਰ, ਵਿਚਾਰਾਂ ’ਤੇ ਖੁੱਲ੍ਹੀ ਗੱਲਬਾਤ ਕਰਨ ਲਈ ਸਥਾਨ ਬਣਾਉਣ ਲਈ ਕੰਮ ਕਰ ਰਹੇ ਹਨ। ਇਸ ਪ੍ਰੋਗਰਾਮ ਦੇ ਤਹਿਤ ਪੜ੍ਹੇ-ਲਿਖੇ ਪਿਛੋਕੜ ਵਾਲੇ ਵਿਦਿਆਰਥੀਆਂ ਤੇ ਪੇਸ਼ੇਵਰਾਂ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ/ ਵਿਦਿਆਰਥੀਆਂ (ਕਲਾਸ 9-12 ਦੇ) ਦੀ ਮਦਦ ਜਾਂ ਸਲਾਹ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ। ਸਲਾਹਕਾਰ ਵਿਦਿਆਰਥੀਆਂ ਨੂੰ ਨਵੇਂ-ਯੁੱਗ ਦੇ ਪੇਸ਼ਿਆਂ ਅਤੇ ਨੌਕਰੀ ਦੇ ਮੌਕਿਆਂ ਬਾਰੇ ਸਲਾਹ ਦਿੰਦੇ ਹਨ। ਉਹ ਦੱਸਦੇ ਹਨ ਕਿ ਕਿਵੇਂ ਕੋਈ ਆਪਣੇ ਸੁਫ਼ਨਿਆਂ ਦੀਆਂ ਨੌਕਰੀਆਂ ਜਾਂ ਕਾਰੋਬਾਰ ਲਈ ਸਹੀ ਰਸਤਾ ਚੁਣ ਸਕਦਾ ਹੈ।