ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਨਵੰਬਰ
ਕੇਂਦਰੀ ਸਮਾਜਿਕ ਨਿਆਂ ਮੰਤਰੀ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਜਿਸ ਤਰ੍ਹਾਂ ਸਰਦਾਰ ਪਟੇਲ ਨੇ ਦੇਸ਼ ਦੀਆਂ 600 ਤੋਂ ਵੱਧ ਰਿਆਸਤਾਂ ਨੂੰ ਇਕਜੁੱਟ ਕੀਤਾ ਸੀ ਉਸੇ ਤਰ੍ਹਾਂ ਡਾ. ਭੀਮ ਰਾਓ ਅੰਬੇਡਕਰ ਦੀ ਅਗਵਾਈ ’ਚ ਸੰਵਿਧਾਨ ਨਿਰਮਾਤਾਵਾਂ ਨੇ ਕਾਨੂੰਨ ਦੇ ਨਾਲ ਏਕੀਕਰਨ ਦਾ ਸ਼ਾਨਦਾਰ ਕੰਮ ਕੀਤਾ। ਰਾਜ ਅਨੁਸੂਚਿਤ ਜਾਤੀ ਮੋਰਚਾ ਵੱਲੋਂ ਸੰਵਿਧਾਨ ਦਿਵਸ ’ਤੇ ਕਰਵਾਏ ਗਏ ਸਮਾਗਮ ਵਿੱਚ ਕੇਂਦਰੀ ਮੰਤਰੀ ਡਾ. ਵਰਿੰਦਰ ਕੁਮਾਰ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸੀ.ਟੀ.ਰਵੀ, ਰਾਸ਼ਟਰੀ ਜਥੇਬੰਦਕ ਵੀ. ਸਤੀਸ਼, ਭਾਜਪਾ ਦੇ ਰਾਸ਼ਟਰੀ ਮੰਤਰੀ ਡਾ. ਤੇ ਦਿੱਲੀ ਦੇ ਸਹਿ ਇੰਚਾਰਜ ਡਾ. ਅਲਕਾ ਗੁਰਜਰ, ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ, ਰਾਸ਼ਟਰੀ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਧਾਨ ਲਾਲ ਸਿੰਘ ਆਰੀਆ ਤੇ ਸੂਬਾ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਧਾਨ ਭੂਪੇਂਦਰ ਗੋਠਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾ. ਕੁਮਾਰ ਨੇ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਰਾਜਨੀਤਿਕ, ਆਰਥਿਕ, ਸਮਾਜਿਕ, ਪ੍ਰਸ਼ਾਸਨਿਕ ਅਤੇ ਹੋਰ ਸਾਰੀਆਂ ਪ੍ਰਣਾਲੀਆਂ ਦੇ ਸੰਚਾਲਨ ਦੀ ਪ੍ਰਕਿਰਤੀ ਦਾ ਵਰਣਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅਸਲ ਵਿੱਚ ਭਾਰਤੀ ਜੀਵਨ ਦਾ ਫਲਸਫਾ ਹੈ, ਜਿਸ ਅਨੁਸਾਰ ਸਾਨੂੰ ਅਜੇ ਬਹੁਤ ਕੰਮ ਕਰਨਾ ਬਾਕੀ ਹੈ। ਸੰਵਿਧਾਨ ਨਿਰਮਾਤਾਵਾਂ ਨੇ ਦੇਸ਼ ਦੇ ਹਰ ਵਰਗ, ਧਰਮ, ਜਾਤੀ ਤੇ ਸੂਬੇ ਦੇ ਲੋਕਾਂ ਤੋਂ ਮਿਲੇ 7000 ਤੋਂ ਵੱਧ ਸੁਝਾਵਾਂ ਨੂੰ ਘੋਖਣ ਤੋਂ ਬਾਅਦ ਭਾਰਤੀ ਸੰਵਿਧਾਨ ਵਿੱਚ ਹਰ ਸੁਝਾਅ ਨੂੰ ਸ਼ਾਮਲ ਕੀਤਾ ਜੋ ਸਾਡੀ ਵਿਵਸਥਾ ਨੂੰ ਸੁਧਾਰਨ ਵਿੱਚ ਮਦਦਗਾਰ ਹੋ ਸਕਦਾ ਹੈ। ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਸਾਲ 2015 ਵਿੱਚ ਜਦੋਂ ਇਹ ਐਲਾਨ ਕੀਤਾ ਗਿਆ ਸੀ ਕਿ ਹੁਣ ਹਰ ਸਾਲ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਵੇਗਾ, ਜਿਸ ਨਾਲ ਲੋਕਾਂ ਵਿੱਚ ਸੰਵਿਧਾਨ ਪ੍ਰਤੀ ਸਤਿਕਾਰ ਵਧੇਗਾ, ਪਰ ਦੇਸ਼ ਦੀ ਬਦਕਿਸਮਤੀ ਹੈ ਕਿ ਕਾਂਗਰਸ ਵਰਗੀ ਪਾਰਟੀ ਜਿਸ ਨੇ 50 ਸਾਲ ਤੋਂ ਵੱਧ ਇਸ ਦੇਸ਼ ਦੀ ਸੱਤਾ ਸੰਭਾਲੀ, ਅੱਜ ਸੰਵਿਧਾਨ ਦਿਵਸ ਦਾ ਬਾਈਕਾਟ ਕਰ ਰਹੀ ਹੈ। ਸੰਵਿਧਾਨ ਦਿਵਸ ਰਾਜਨੀਤੀ ਤੋਂ ਪਰੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਵੱਲੋਂ ਠੇਕਾ ਦਿਵਸ ਦਾ ਬਾਈਕਾਟ ਕਰਨਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਲੋਕਤੰਤਰ ਦਾ ਅਪਮਾਨ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਅੱਜ ਵੀ ਦੇਸ਼ ਵਿੱਚ ਕੁਝ ਤਾਕਤਾਂ ਸੰਵਿਧਾਨ ਵਿਰੋਧੀ ਕੰਮ ਕਰ ਰਹੀਆਂ ਹਨ। ਆਜ਼ਾਦੀ ਤੋਂ ਬਾਅਦ ਵੀ ਕੁਝ ਤਾਕਤਾਂ ਵੱਲੋਂ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਗਈਆਂ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ, ਐਮਰਜੈਂਸੀ ਦੀ ਸਥਿਤੀ ਪੈਦਾ ਕੀਤੀ ਗਈ। ਪਰ ਭਾਜਪਾ ਹਮੇਸ਼ਾ ਸੰਵਿਧਾਨ ਨੂੰ ਸਰਵਉੱਚ ਮੰਨਦੀ ਰਹੀ ਹੈ।