ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਫਰਵਰੀ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ 7 ਸਾਲਾਂ ਵਿਚ ਦਿੱਲੀ ਮਾਡਲ ਅਤੇ ਵਿਕਾਸ ਦੇ ਦਾਅਵੇ ਕਰ ਰਹੇ ਹਨ, ਉਨ੍ਹਾਂ ਦੇ ਦਾਅਵੇ ਰਾਜਧਾਨੀ ਦੇ ਦਰਜੇ ਦੇ ਉਲਟ ਹਨ। ਕੇਜਰੀਵਾਲ ਨੇ ਫਲਾਈਓਵਰ ਬਣਾ ਕੇ ਪੈਸੇ ਦੀ ਬਚਤ ਕਰਨ ਦੀਆਂ ਗੱਲਾਂ ਪੂਰੀ ਤਰ੍ਹਾਂ ਝੂਠੀਆਂ ਹਨ ਕਿਉਂਕਿ 2013 ਦੇ ਸਿਗਨੇਚਰ ਪੁਲ ਦੀ ਅਨੁਮਾਨਿਤ ਦਾਅਵਿਆਂ ਤੋਂ ਕਈ ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਕੇਜਰੀਵਾਲ ਭਲਸਵਾ, ਮੰਗੋਲਪੁਰੀ, ਮੁਕੰਦਪੁਰ, ਬੁਰਾੜੀ ਅਤੇ ਜਗਤਪੁਰ ਦੇ ਫਲਾਈਓਵਰ ਬਣਾਉਣ ਦਾ ਦਾਅਵਾ ਕਰ ਰਹੇ ਹਨ, ਉਨ੍ਹਾਂ ਦਾ ਕੰਮ ਕਾਂਗਰਸ ਦੀ ਸ਼ੀਲਾ ਸਰਕਾਰ ਨੇ ਸ਼ੁਰੂ ਕੀਤਾ ਸੀ। ਸੂਬਾ ਪ੍ਰਧਾਨ ਨੇ ਪੱਤਰਕਾਰ ਸੰਮੇਲਨ ਵਿਚ ਆਰ.ਟੀ.ਆਈ ਤੋਂ ਪ੍ਰਾਪਤ ਜਾਣਕਾਰੀ ਰਾਹੀਂ ਇਹ ਪ੍ਰਗਟਾਵਾ ਕੀਤਾ|
ਸ੍ਰੀ ਕੁਮਾਰ ਨੇ ਕਿਹਾ ਕਿ ਕਾਂਗਰਸ ਨੇ 2008 ਵਿੱਚ ਗ਼ਰੀਬਾਂ, ਦਲਿਤਾਂ, ਪਛੜਿਆਂ, ਪਰਵਾਸੀਆਂ ਨੂੰ ਘਰ ਦੇਣ ਲਈ ਰਾਜੀਵ ਰਤਨ ਹਾਊਸਿੰਗ ਸਕੀਮ ਤਹਿਤ ਮਕਾਨ ਬਣਾਏ ਸਨ। ਜੋ ਕਿ ਅਰਵਿੰਦ ਕੇਜਰੀਵਾਲ ਦੀ ਗ਼ਰੀਬ ਵਿਰੋਧੀ ਸਰਕਾਰ ਦੀ ਅਣਗਹਿਲੀ ਅਤੇ ਕਮੀਆਂ ਕਾਰਨ ਬਰਬਾਦ ਹੋ ਗਏ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਗਰੀਬਾਂ ਨੂੰ ਘਰ ਦੇਣ ਦੀ ਯੋਜਨਾ ਤੋਂ ਪੂਰੀ ਤਰ੍ਹਾਂ ਹੱਥ ਖਿੱਚ ਲਏ ਹਨ। ਕਾਂਗਰਸ ਪਾਰਟੀ 2.77 ਲੱਖ ਬਿਨੈਕਾਰਾਂ ਨੂੰ ਆਪਣਾ ਹੱਕ ਦਿਵਾਉਣ ਲਈ ਅਦਾਲਤ ਵਿੱਚ ਜਾਵੇਗੀ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪਿਛਲੇ 7 ਸਾਲਾਂ ਤੋਂ ਇਮਾਰਤਾਂ ਨੂੰ ਨਜ਼ਰਅੰਦਾਜ਼ ਕਰ ਕੇ ਸਰਕਾਰੀ ਖਜ਼ਾਨੇ ਨੂੰ ਦੋ ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਇਆ। ਕੇਜਰੀਵਾਲ ਜੇ ਚਾਹੁਣ ਤਾਂ ਦਿੱਲੀ ਦੇ 675 ਜੇਜੇ ਕਲੱਸਟਰ ਵਿਚ ਰਹਿ ਰਹੇ ਗਰੀਬਾਂ ਦਾ ਮੁੜ ਵਸੇਬਾ ਕਰ ਸਕਦੇ ਹਨ ਪਰ ਉਸ ਦੀ ਨੀਅਤ ਸਹੀ ਨਹੀਂ ਹੈ।