ਪੱਤਰ ਪ੍ਰੇਰਕ
ਫਰੀਦਾਬਾਦ, 20 ਦਸੰਬਰ
ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ ਰਿਸਰਚ ਐਂਡ ਸਟੱਡੀਜ਼ ਅਤੇ ਮਾਨਵ ਰਚਨਾ ਡੈਂਟਲ ਕਾਲਜ ਨੇ ਆਪਣਾ 2021 ਬੈਚ ਲਾਂਚ ਕੀਤਾ ਹੈ। ਇਸ ਦੌਰਾਨ ਵਿਦਿਆਰਥੀਆਂ ਲਈ 17ਵੀਂ ਕਾਨਵੋਕੇਸ਼ਨ ਕਰਵਾਈ ਗਈ। ਹਰਿਆਣਾ ਦਾ ਰਾਜਪਾਲ ਬੰਡਾਰੂ ਦੱਤਾਤ੍ਰੇਆ ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਸਿੱਖਿਆ ਸੰਸਕ੍ਰਿਤੀ ਨੂੰ ਉਭਾਰਿਆ। ਇਸ ਮੌਕੇ ਟਰੱਸਟ ਦੇ ਕੌਮੀ ਸਕੱਤਰ ਅਤੁਲ ਕੋਠਾਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਕਨਵੋਕੇਸ਼ਨ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਪ੍ਰਬੰਧਕਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। 17ਵੀਂ ਕਨਵੋਕੇਸ਼ਨ ਵਿੱਚ ਵੱਖ-ਵੱਖ ਕੋਰਸਾਂ ਨਾਲ ਸਬੰਧਤ 1500 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ 64 ਵਿਦਿਆਰਥੀਆਂ ਨੂੰ ਪ੍ਰਾਪਤੀ ਅਤੇ ਅਕਾਦਮਿਕ ਮੁਹਾਰਤ ਲਈ ਮੈਡਲ ਦਿੱਤੇ ਗਏ। ਪ੍ਰੋਗਰਾਮ ਵਿੱਚ ਹਾਜ਼ਰ ਪਤਵੰਤਿਆਂ ਵੱਲੋਂ ਕਾਨਵੋਕੇਸ਼ਨ ਦੀਆਂ ਯਾਦਾਂ ਜਾਰੀ ਕੀਤੀਆਂ ਗਈਆਂ। ਐਜੂਕੇਸ਼ਨ ਕਲਚਰ ਅਪਲਿਫਟਮੈਂਟ ਟਰੱਸਟ ਵੱਲੋਂ ਸਮਾਗਮ ਵਿੱਚ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਡਾ. ਸੰਜੈ ਸ੍ਰੀਵਾਸਤਵ ਨੇ ਯੂਨੀਵਰਸਿਟੀ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਵੀ ਪ੍ਰੇਰਿਆ।