ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਪਰੈਲ
ਰਾਜੌਰੀ ਗਾਰਡਨ ਚੋਣ ਹਲਕੇ ਦੇ ‘ਜਾਗੋ’ ਪਾਰਟੀ ਦੇ ਉਮੀਦਵਾਰ ਰਾਜਾ ਬਲਦੀਪ ਸਿੰਘ ਵੱਲੋਂ ਐਤਵਾਰ ਦਾ ਲਾਹਾ ਲੈਂਦਿਆਂ ਇਲਾਕੇ ਦੇ ਲੋਕਾਂ ਨਾਲ ਘਰ-ਘਰ ਜਾ ਕੇ ਪ੍ਰਚਾਰ ਕੀਤਾ ਤੇ ਸੁਭਾਸ਼ ਨਗਰ ਦੇ ਪਾਰਕ ਵਿੱਚ ਇਕ ਨੁੁੱਕੜ ਸਭਾ ਵੀ ਕੀਤੀ। ਕਰੋਨਾ ਕਾਲ ਦੌਰਾਨ ਵੱਡੀਆਂ ਬੈਠਕਾਂ ਨਹੀਂ ਕੀਤੀਆਂ ਜਾ ਰਹੀਆਂ ਤੇ ਉਮੀਦਵਾਰਾਂ ਵੱਲੋਂ ਬਹੁਤਾ ਜ਼ੋਰ ਘਰ-ਘਰ ਜਾ ਕੇ ਸਿੱਖ ਪਰਿਵਾਰਾਂ ਕੋਲ ਆਪਣੀ ਗੱਲ ਦੱਸਣ ਵੱਲ ਹੈ।
ਰਾਜਾ ਬਲਦੀਪ ਸਿੰਘ ਨੇ ਅੱਜ ਦਿਨ ਵੇਲੇ ਸੁਭਾਸ਼ ਨਗਰ ਦੇ 4 ਬਲਾਕ ਵਿੱਚ ਸੰਗਤ ਨਾਲ ਨੁੱਕੜ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਚੰਗੇ ਅਕਸ ਵਾਲੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ ਕਿਉਂਕਿ ਮੌਜੂਦਾ ਸਿਆਸੀ ਪ੍ਰਬੰਧ ਕਾਰਨ ਧਾਰਮਿਕ ਜਥੇਬੰਦੀ ਅੰਦਰ ਰਾਜਨੀਤਿਕ ਧਿਰਾਂ ਦਾ ਦਖ਼ਲ ਵਧ ਗਿਆ ਹੈ। ਇਸ ਮੌਕੇ ਹਰਮਨਜੀਤ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਸੰਗਤ ਵੱਲੋਂ ਉਮੀਦਵਾਰ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਉਮੀਦਵਾਰ ਮੁਤਾਬਕ ਉਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਨੁੱਕੜ ਸਭਾ ਵਿੱਚ ਸ਼ਾਮਲ ਲੋਕਾਂ ਨੇ ਉਮੀਦਵਾਰ ਤੋਂ ਜੋ ਉਮੀਦ ਲਾਈ ਉਸ ਬਾਬਤ ਵੀ ਦੱਸਿਆ ਗਿਆ।