ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਗਸਤ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਕਰੋਨਾ ਖਿਲਾਫ਼ ‘ਐਂਟੀਬਾਡੀਜ਼’ ਦਿੱਲੀ ਦੇ 29 ਫ਼ੀਸਦ ਲੋਕਾਂ ਵਿੱਚ ਪਾਈਆਂ ਗਈਆਂ ਹਨ। ਇਹ ਜਾਣਕਾਰੀ ਦੂਜੇ ਸੀਰੋ ਸਰਵੇ ’ਚ ਸਾਹਮਣੇ ਆਈ ਹੈ। ਇੱਕ ਮਹੀਨੇ ’ਚ ਐਂਟੀਬਾਡੀਜ਼ ’ਚ ਤਕਰੀਬਨ 5 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਸਭ ਤੋਂ ਜ਼ਿਆਦਾ ‘ਐਂਟੀਬਾਡੀਜ਼’ ਦਿੱਲੀ ਵਿਚ ਹਨ। ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਜੈਨ ਨੇ ਕਿਹਾ ਕਿ ਔਰਤਾਂ ਵਿਚ ਮਰਦਾਂ ਨਾਲੋਂ ਔਸਤਨ ਐਂਟੀਬਾਡੀਜ਼ ਜ਼ਿਆਦਾ ਹੁੰਦੀਆਂ ਹਨ।
ਸਿਹਤ ਵਿਭਾਗ ਨੂੰ ਕੁੱਲ 12,598 ਨਮੂਨੇ ਦੀਆਂ ਰਿਪੋਰਟਾਂ ਸੌਂਪੀਆਂ ਗਈਆਂ ਹਨ। 2.5 ਹਜ਼ਾਰ ਨਮੂਨਿਆਂ ਦਾ ਅਨੁਮਾਨ ਅਜੇ ਵੀ ਲਾਇਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਸਰੀਰ ਵਿਚ ਐਂਟੀਬਾਡੀਜ਼ ਦੀ ਮੌਜੂਦਗੀ ਦਾ ਅਰਥ ਹੈ ਕਿ ਵਿਅਕਤੀ ਨੇ ਕਰੋਨਾ ਖਿਲਾਫ਼ ਐਂਟੀਬਾਡੀਜ਼ ਪ੍ਰਾਪਤ ਕੀਤੀ ਹੈ। ਮਾਹਿਰ ਇਸ ਬਾਰੇ ਕੋਈ ਰਾਏ ਨਹੀਂ ਰੱਖਦੇ ਕਿ ਇਹ ਕਿੰਨੀ ਦੇਰ ਲਈ ਹੈ। ਜਦੋਂ ਐਂਟੀਬਾਡੀਜ਼ ਇਕ ਤੋਂ ਵੱਧ ਵਿਅਕਤੀਆਂ ’ਚ ਪਾਏ ਜਾਂਦੇ ਹਨ ਤਾਂ ਇਹ ਕਰੋਨਾਵਾਇਰਸ ਦੇ ਵਿਰੁੱਧ ਪ੍ਰਤੀਰੋਧ ਪੈਦਾ ਕਰ ਸਕਦਾ ਹੈ। ਦਿੱਲੀ ਵਿਚ ਪਹਿਲੇ ਸੀਰੋ ਸਰਵੇ ਦੌਰਾਨ 27 ਜੂਨ ਤੋਂ 5 ਜੁਲਾਈ ਤੱਕ 21,387 ਨਮੂਨੇ ਲਏ ਗਏ ਤੇ ਇਸ ’ਚੋਂ 23.48 ਫ਼ੀਸਦ ਲੋਕਾਂ ਵਿੱਚ ਐਂਟੀਬਾਡੀਜ਼ ਪਾਈਆਂ ਗਈਆਂ। ਇਸ ਰਿਪੋਰਟ ਤੋਂ ਬਾਅਦ ਕਿਹਾ ਗਿਆ ਕਿ ਦਿੱਲੀ ਵਿਚ ਤਕਰੀਬਨ ਇਕ ਚੌਥਾਈ ਲੋਕਾਂ ਨੂੰ ਕਰੋਨਾ ਦੀ ਲਾਗ ਹੋ ਗਈ ਹੈ ਅਤੇ ਉਹ ਵੀ ਠੀਕ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਹੁਣ ਵਧੇਰੇ ਦਾਅਵੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਇਕ ਚੌਥਾਈ ਤੋਂ ਵੀ ਜ਼ਿਆਦਾ ਲੋਕਾਂ ’ਚ ਦਿੱਲੀ ਵਿਚ ਐਂਟੀਬਾਡੀਜ਼ ਬਣੀਆਂ ਹਨ ਤੇ ਹੌਲੀ-ਹੌਲੀ ਇਸ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਨਮੂਨੇ 18 ਸਾਲ ਤੋਂ ਹੇਠਾਂ 25 ਫ਼ੀਸਦ, 18 ਤੋਂ 49 ਸਾਲਾਂ ਦੇ ਵਿਚਕਾਰ 50 ਫ਼ੀਸਦ ਲਏ ਗਏ ਹਨ।
12 ਨਵੇਂ ਪਾਜ਼ੇਟਿਵ ਕੇਸ; ਰੈੱਡ ਕਰਾਸ ਦਫ਼ਤਰ ਬੰਦ
ਜੀਂਦ (ਪੱਤਰ ਪ੍ਰੇਰਕ): ਜੀਂਦ ਵਿੱਚ ਰੈੱਡ ਕਰਾਸ ਦੇ ਕਰਮਚਾਰੀ ਸਮੇਤ 12 ਲੋਕ ਕਰੋਨਾ ਪਾਜ਼ੇਟਿਵ ਮਿਲੇ ਹਨ। ਜ਼ਿਲ੍ਹਾ ਰੈੱਡ ਕਰਾਸ ਦੇ ਦਫ਼ਤਰ ਨੂੰ ਦੋ ਦਿਨਾਂ ਲਈ ਬੰਦ ਕਰ ਦਿੱਤਾ ਹੈ ਤੇ ਹੁਣ ਸਿਹਤ ਵਿਭਾਗ ਨੇ ਇਸ ਵਿਅਕਤੀ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਤਲਾਸ਼ ਕਰਨੀ ਸੁਰੂ ਕਰ ਦਿੱਤੀ ਹੈ। ਇਨ੍ਹਾਂ 12 ਮਿਲੇ ਪਾਜ਼ੇਟਿਵ ਮਾਮਲਿਆਂ ਵਿੱਚ 6 ਮਰੀਜ਼ ਤਾਂ ਜੀਂਦ ਸ਼ਹਿਰ ਦੇ ਹੀ ਹਨ ਅਤੇ 6 ਮਰੀਜ਼ ਲਾਗਲੇ ਪਿੰਡਾਂ ਦੇ ਹਨ।
ਬਾਬੈਨ ਦੇ ਪਿੰਡਾਂ ’ਚ 9 ਨਵੇਂ ਕੇਸ ਆਏ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਪਿਛਲੇ ਦੋ ਦਿਨਾਂ ਵਿਚ ਬਾਬੈਨ ਦੇ ਆਸ ਪਾਸ ਦੇ ਪਿੰਡਾਂ ਵਿਚ ਕਰੋਨਾਵਾਇਰਸ ਦੀ ਮਾਰ ਵੱਧ ਰਹੀ ਹੈ। ਦੋ ਦਿਨ ਪਹਿਲਾਂ ਹੀ ਬਾਬੈਨ ਦੇ ਇਕ ਪਿੰਡ ਵਿਚ 9 ਕਰੋਨਾ ਪਾਜ਼ੇਟਿਵ ਕੇਸ ਆਏ ਸਨ। ਅੱਜ ਫਿਰ ਬਾਬੈਨ ਦੇ ਆਸ ਪਾਸ ਦੇ ਪਿੰਡਾਂ ਵਿਚ 9 ਕੇਸ ਆਉਣ ਕਰਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਬਾਬੈਨ ਵਿਚ 4 ਵਿਅਕਤੀ ਤੇ ਇਕ ਮਹਿਲਾ, ਪਿੰਡ ਖੈਰਾ ਵਿਚ ਇਕ ਵਿਅਕਤੀ ਲਖਮੜੀ, ਮਹੁਵਾਖੇੜੀ ਤੇ ਜਾਲਖੇੜੀ ਪਿੰਡ ਵਿਚ ਇਕ-ਇਕ ਮਹਿਲਾ ਕਰੋਨਾ ਪਾਜ਼ੇਟਿਵ ਮਿਲੀ ਹੈ।
ਲਾਸ਼ਾਂ ਦਾ ਸਸਕਾਰ ਬਰਾੜਾ ਰੋਡ ਸ਼ਮਸ਼ਾਨਘਾਟ ’ਚ ਕਰਨ ਕਰ ਕੇ ਲੋਕਾਂ ’ਚ ਰੋਸ
ਕਰੋਨਾ ਲਾਸ਼ਾਂ ਦਾ ਸਸਕਾਰ ਬਰਾੜਾ ਰੋਡ ਸ਼ਮਸ਼ਾਨਘਾਟ ’ਚ ਕਰਨ ਕਰ ਕੇ ਲੋਕਾਂ ਵਿਚ ਰੋਸ ਹੈ, ਜਿਸ ਸਬੰਧੀ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਐੱਸਡੀਐੱਮ ਕਿਰਨ ਸਿੰਘ ਨੂੰ ਮਿਲ ਕੇ ਮੰਗ ਕੀਤੀ ਕਿ ਕਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਸਸਕਾਰ ਆਬਾਦੀ ਵਾਲੇ ਖੇਤਰ ਤੋਂ ਬਾਹਰ ਕੀਤਾ ਜਾਏ, ਜਿਥੇ ਪ੍ਰਸ਼ਾਸਨ ਨੇ ਥਾਂ ਨਿਯੁਕਤ ਕੀਤੀ ਹੋਈ ਹੈ। ਸਰਵਹਿਤਕਾਰੀ ਸਭਾ, ਗਰਦੁਆਰਾ ਸ੍ਰੀ ਮਸਤ ਗੜ ਸਭਾ ਨੇ ਲਿਖਤੀ ਰੂਪ ਵਿਚ ਇਸ ਸਮੱਸਿਆ ਬਾਰੇ ਐੱਸਡੀਐੱਮ ਨੂੰ ਪੱਤਰ ਦਿੱਤਾ ਹੈ। ਐੱਸਡੀਐੱਮ ਕਿਰਨ ਸਿੰਘ ਨੇ ਕਿਹਾ ਕਿ ਸਭ ਕੁਝ ਨਿਰਧਾਰਤ ਨਿਯਮਾਂ ਮੁਤਾਬਿਕ ਹੀ ਹੋ ਰਿਹਾ ਹੈ, ਆਪਣੇ ਵਲੋਂ ਉਨ੍ਹਾਂ ਨੇ ਕੋਈ ਤਬਦੀਲੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾਵਾਂ ਨੇ ਜੋ ਮੰਗ ਰੱਖੀ ਹੈ ਉਸ ਨੂੰ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤਾ ਗਿਆ ਹੈ, ਜਿਵੇਂ ਹੀ ਹੁਕਮ ਆਉਣਗੇ ਉਸ ’ਤੇ ਅਮਲ ਕੀਤਾ ਜਾਵੇਗਾ।