ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਕਰੋਨਾ ਮਹਾਮਾਰੀ ਦਾ ਸ਼ਿਕਾਰ ਬਣੇ ਦੇਸ਼ ਦੇ ਤੀਜੇ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਦਿੱਲੀ ਦੇ ਹਰ ਖੇਤਰ ਨੂੰ ਕਰੋਨਾ ਨੇ ਸੱਟ ਮਾਰੀ ਹੈ। ਹਰ ਕਾਰੋਬਾਰੀ ਪ੍ਰੇਸ਼ਾਨ ਹੈ ਤੇ ਲੌਕਡਾਊਨ ਖੁੱਲ੍ਹਣ ਮਗਰੋਂ ਵੀ ਕਾਰੋਬਾਰ ਚੱਲਣ ਦੀ ਕੋਈ ਉਮੀਦ ਨਹੀਂ ਬੱਝੀ। ਦਿੱਲੀ ਦੇ ਰੈਸਤਰਾਂ ਵੀ ਕਰੋਨਾ ਦੀ ਜ਼ੱਦ ਵਿੱਚ ਆ ਚੁੱਕੇ ਹਨ ਤੇ ਰੈਸਤਰਾਂ ਦਾ ਚੁੱਲ੍ਹਾ ਨਹੀਂ ਮਘ ਰਿਹਾ। ਅਨਲੌਕ ਦੌਰਾਨ ਕਈ ਢਿੱਲਾਂ ਤਾਂ ਦਿੱਤੀਆਂ ਗਈਆਂ, ਜਿਸ ਮਗਰੋਂ ਰੈਸਤਰਾਂ ਮੁੜ ਖੁੱਲ੍ਹਣ ਲੱਗੇ ਪਰ ਨਾਲ ਹੀ ਕੋਵਿਡ-19 ਐਕਟ ਤਹਿਤ ਕਈ ਸਖ਼ਤ ਨਿਯਮ ਲਾਗੂ ਕਰ ਦਿੱਤੇ ਗਏ। ਨਿਯਮਾਂ ਮੁਤਾਬਕ ਰੈਸਤਰਾਂ ਵਿੱਚ ਬੈਠਕ ਕੇ ਪਹਿਲਾਂ ਖਾਣਾ ਨਾ ਖਾਣ ਦਾ ਫੁਰਮਾਨ ਜਾਰੀ ਕੀਤਾ ਗਿਆ ਫਿਰ ਅਨਲੌਕ-2 ਤਹਿਤ 60 ਫ਼ੀਸਦੀ ਗਾਹਕਾਂ ਦੇ ਬੈਠਣ ਅਤੇ ਘੱਟ ਅਮਲੇ ਨਾਲ ਰੈਸਤਰਾਂ ਸ਼ੁਰੂ ਕੀਤੇ ਗਏ। ਰੈਸਤਰਾਂ ਹੁਣ ਘੱਟ ਵਿਕਰੀ, ਕਰਮਚਾਰੀਆਂ ਤੇ ਗਾਹਕਾਂ ਦੀ ਕਮੀ ਨਾਲ ਜੂਝ ਰਹੇ ਹਨ। ਕਰੋਨਾ ਨਾ ਫੈਲੇ ਇਸ ਲਈ ਰੈਸਤਰਾਂ ਵਿੱਚ ਬੈਠਣ ਬਾਰੇ ਨਿਯਮ ਬਣਾਏ ਗਏ ਹਨ ਤੇ ਲੋਕਾਂ ਵਿੱਚ ਕਰੋਨਾ ਦਾ ਖੌਫ਼ ਹੋਣ ਕਰਕੇ ਉਹ ਖਾਣਾ ਖਾਣ ਲਈ ਬਾਹਰ ਵੀ ਨਹੀਂ ਨਿਕਲ ਰਹੇ। ਪਹਿਲਾਂ ਜੋ ਵਿਕਰੀ ਹੁੰਦੀ ਸੀ ਉਸ ਮੁਤਾਬਕ 20 ਫ਼ੀਸਦੀ ਹੀ ਵਿਕਰੀ ਹੋ ਰਹੀ ਹੈ, ਜਿਸ ਕਰਕੇ ਪ੍ਰਬੰਧਕਾਂ ਨੂੰ ਖਰਚੇ ਕੱਢਣੇ ਔਖੇ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਕਨਾਟ ਪਲੇਸ ਦੇ ਕਈ ਰੈਸਤਰਾਂ ਅਨਲੌਕ-2 ਦੌਰਾਨ ਖੁੱਲ੍ਹੇ ਪਰ ਫਿਰ ਬੰਦ ਕਰਨੇ ਪਏ। ਕਰੋਨਾ ਕਾਰਨ ਰੈਸਤਰਾਂ ਮਾਲਕਾਂ ਦਾ ਖਾਸਾ ਨੁਕਸਾਨ ਹੋਇਆ ਹੈ, ਜਿਸ ਕਾਰਨ ਉਨ੍ਹਾਂ ਵਿੱਚ ਉਦਾਸੀ ਛਾਈ ਹੋਈ ਹੈ।