ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਜੁਲਾਈ
ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਥੇ ਇੱਕ ਦੂਜਾ ‘ਪਲਾਜ਼ਮਾ ਬੈਂਕ’ ਸਥਾਪਿਤ ਕਰਨ ਦੀ ਤਿਆਰੀ ਚੱਲ ਰਹੀ ਹੈ, ਜਿਸ ’ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਇਸ ਬਾਰੇ ਐੱਲਐੇੱਨਜੇਪੀ ’ਚ ਤਿਆਰੀ ਅਧੀਨ ਪਲਾਜ਼ਮਾ ਬੈਂਕ ਦੀ ਸਥਿਤੀ ਬਾਰੇ ਪੁੱਛੇ ਜਾਣ ’ਤੇ ਖੁਲਾਸਾ ਕੀਤਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਜੋ ਲੋਕ ਪਲਾਜ਼ਮਾ ਦਾਨ ਕਰਨਾ ਚਾਹੁੰਦੇ ਹਨ ਉਹ ਉਨ੍ਹਾਂ ਨੂੰ ਇਕ ਸੁਰੱਖਿਅਤ ਵਾਤਾਵਰਨ ਦੇਣਾ ਚਾਹੁੰਦੇ ਹਨ। ਜਦੋਂ ਦਿੱਲੀ ’ਚ ਕਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ’ਚ ਸੁਧਾਰ ਤੇ ਪਾਜ਼ੇਟਿਵ ਮਾਮਲਿਆਂ ’ਚ ਕਮੀ ਆਉਣ ਬਾਰੇ ਪੁੱਛਿਆ ਗਿਆ ਤਾਂ ਸਿਸੋਦੀਆ ਨੇ ਕਿਹਾ ਕਿ ਇਹ ਦਿੱਲੀ ਲਈ ਰਾਹਤ ਦੀ ਗੱਲ ਹੈ। ਜਿਥੋਂ ਤੱਕ ਮਾਮਲਿਆਂ ਦਾ ਸਬੰਧ ਹੈ ਉਥੇ ਹੀ ਦਿੱਲੀ ’ਚ ਸਥਿਰਤਾ ਹੈ। ਵਸੂਲੀ ਦੀ ਦਰ ਵਧ ਰਹੀ ਹੈ ਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਭਾਰਤ ਦਾ ਪਹਿਲਾ ‘ਪਲਾਜ਼ਮਾ ਬੈਂਕ’ ਦਿੱਲੀ ਲਿਵਰ ਐਂਡ ਦੇ ਬਿਲੀਅਰੀ ਸਾਇੰਸਿਜ਼ ਇੰਸਟੀਚਿਊਟ ਵਿੱਚ ਸਥਾਪਤ ਕੀਤਾ ਗਿਆ ਸੀ। ਮਰੀਜ਼ ਜੋ ਹਾਲ ਹੀ ਵਿੱਚ ਕੋਵਿਡ -19 ਤੋਂ ਠੀਕ ਹੋਏ ਹਨ ਉਹ ਪਲਾਜ਼ਮਾ ਦਾਨ ਕਰਨ ਦੇ ਯੋਗ ਹਨ। ਦੱਸਣਯੋਗ ਹੈ ਕਿ ਸਿਸੋਦੀਆ ਇਥੇ ਬੂਟੇ ਲਗਾਉਣ ਦੀ ਇੱਕ ਮੁਹਿੰਮ ਵਿੱਚ ਹਿੱਸਾ ਲੈਣ ਆਏ ਸਨ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਸਰਕਾਰ ਵਣਮਹਾਂਉਤਸਵ ਮਨਾ ਰਹੀ ਹੈ ਤੇ ਇਸੇ ਤਹਿਤ ਰਾਸ਼ਟਰੀ ਰਾਜਧਾਨੀ ’ਚ 31 ਲੱਖ ਬੂਟੇ ਲਗਾਉਣ ਦੀ ਯੋਜਨਾ ਬਣਾਈ ਹੈ।
ਸਰਦਾਰ ਪਟੇਲ ਕੇਂਦਰ ਤੋਂ ਮਰੀਜ਼ ਘਰ ਪਰਤਿਆ
ਦੇਸ਼ ਦੇ ਵੱਡੇ ਕਰੋਨਾ ਇਕਾਂਤਵਾਸ ਕੇਂਦਰ ਸਰਦਾਰ ਪਟੇਲ ਕੋਵਿਡ ਕੇਂਦਰ ਤੋਂ ਅੱਜ ਇਕ 39 ਸਾਲਾਂ ਦਾ ਪਹਿਲਾ ਕਰੋਨਾ ਮਰੀਜ਼ ਠੀਕ ਹੋਣ ਮਗਰੋਂ ਘਰ ਭੇਜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਦਿੱਲੀ ਦਾ ਇਹ ਮਰੀਜ਼ ਪਹਿਲਾ ਵਿਅਕਤੀ ਹੈ ਜੋ ਛੱਤਰਪੁਰ ਦੇ ਕੇਂਦਰ ਤੋਂ ਸਿਹਤਯਾਬ ਹੋ ਕੇ ਪਰਤਿਆ। ਉਸ ਨੂੰ 5 ਜੁਲਾਈ ਨੂੰ ਕੋਵਿਡ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਸੀ। ਇਹ ਕੇਂਦਰ ਰਾਧਾ ਸਵਾਮੀ ਸਤਿਸੰਗ ਬਿਆਸ ਦੀ ਥਾਂ ’ਤੇ ਕਾਇਮ ਕੀਤਾ ਗਿਆ ਹੈ ਜਿੱਥੇ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਮਿਲ ਕੇ ਕੰਮ ਕਰ ਰਹੀਆਂ ਹਨ।
ਕਰੋਨਾ ਸਬੰਧੀ ਸਰਵੇਖਣ ਕਰਵਾਇਆ
ਕੌਮੀ ਰਾਜਧਾਨੀ ਦਿੱਲੀ ਵਿੱਚ ਵੀਹ ਹਜ਼ਾਰ ਘਰਾਂ ਵਿੱਚ ਕਰਵਾਏ ਗਏ ਸਰਵੇਖਣ ਤੋਂ ਇਹ ਪਤਾ ਲੱਗਦਾ ਹੈ ਕਿ ਰਾਜਧਾਨੀ ਵਿੱਚ 10-15 ਫ਼ੀਸਦ ਲੋਕਾਂ ਵਿੱਚ ਕਰੋਨਾਵਾਇਰਸ ਦੇ ਲੱਛਣ ਹੋ ਸਕਦੇ ਹਨ। ਦਿੱਲੀ ਦੀ 15 ਫ਼ੀਸਦ ਆਬਾਦੀ ਬਾਰੇ ਇਹ ਤੱਥ 27 ਜੂਨ ਤੋਂ 5 ਜੁਲਾਈ ਦਰਮਿਆਨ ਸਾਰੇ ਜ਼ਿਲ੍ਹਿਆਂ ਵਿੱਚ ਕੀਤੇ ਸਰਵੇਖਣ ਤੋਂ ਬਾਅਦ ਸਾਹਮਣੇ ਆਏ। ਇਹ ਸਰਵੇਖਣ ਇਹ ਸਮਝਣ ਲਈ ਕੀਤਾ ਗਿਆ ਸੀ ਆਬਾਦੀ ਵਿੱਚ ਕਿੰਨਾ ਕਰੋਨਾ ਫੈਲਦਾ ਹੈ। ਐਂਟੀਬਾਡੀ ਟੈਸਟਾਂ ਲਈ ਕੁੱਲ 22823 ਨਮੂਨੇ ਇਕੱਤਰ ਕੀਤੇ ਗਏ, ਜਿਨ੍ਹਾਂ ਤੋਂ ਇਹ ਪਤਾ ਲੱਗਾ ਕਿ 10-15 ਫ਼ੀਸਦ ਲੋਕਾਂ ਵਿੱਚ ਕਰੋਨਾ ਦੇ ਲੱਛਣ ਹੋ ਸਕਦੇ ਸਨ। ਕੁੱਝ ਥਾਵਾਂ ’ਤੇ ਇਹ ਅੰਕੜਾ 10 ਫ਼ੀਸਦ ਤੇ ਕਈ ਥਾਵਾਂ ਉਪਰ ਇਹ 15 ਫ਼ੀਸਦ ਸੀ। ਕੰਨਟੈਨਮੈਂਟ ਜ਼ੋਨਾਂ ਵਿੱਚ ਇਹ ਅੰਕੜਾ 10 ਤੋਂ 30 ਫ਼ੀਸਦ ਤੱਕ ਦਰਜ ਕੀਤਾ ਗਿਆ ਹੈ। ਸਰਵੇਅ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੋਵਿਡ-19 ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਤਰੀਕੇ ਨਾਲ ਫੈਲਿਆ ਤੇ ਇਹ ਸਥਾਨਕ ਪੱਧਰ ’ਤੇ ਪਸਾਰ ਵੱਖਰਾ ਹੈ।