ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜਨਵਰੀ
ਕੇਜਰੀਵਾਲ ਸਰਕਾਰ ਘਰ ਇਕਾਂਤਵਾਸ ਵਿੱਚ ਇਲਾਜ ਕਰ ਰਹੇ ਕਰੋਨਾ ਮਰੀਜ਼ਾਂ ਨੂੰ ਮੁਫਤ ਯੋਗ ਤੇ ਪ੍ਰਾਣਾਯਾਮ ਸਬੰਧੀ ਕਲਾਸਾਂ ਦੀ ਸਹੂਲਤ ਦੇਵੇਗੀ। ਅੱਜ ਇਸ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਦਿੱਲੀ ਕੀ ਯੋਗਸ਼ਾਲਾ’ ਪ੍ਰੋਗਰਾਮ ਤਹਿਤ ਘਰ ਬੈਠੇ ਕਰੋਨਾ ਮਰੀਜ਼ ਭਲਕੇ ਤੋਂ ਯੋਗ ਤੇ ਪ੍ਰਾਣਾਯਾਮ ਦੀਆਂ ਆਨਲਾਈਨ ਕਲਾਸਾਂ ਲੈ ਸਕਣਗੇ। ਸ਼ਾਇਦ ਪੂਰੀ ਦੁਨੀਆ ਵਿੱਚ ਪਹਿਲੀ ਵਾਰ ਕੋਈ ਸਰਕਾਰ ਘਰ ਇਕਾਂਤਵਾਸ ਵਿੱਚ ਇਲਾਜ ਕਰ ਰਹੇ ਕਰੋਨਾ ਮਰੀਜ਼ਾਂ ਲਈ ਇਸ ਤਰ੍ਹਾਂ ਦਾ ਪ੍ਰੋਗਰਾਮ ਕਰ ਰਹੀ ਹੈ। ਯੋਗ ਤੇ ਪ੍ਰਾਣਾਯਾਮ ਕਰਨ ਨਾਲ ਵਿਅਕਤੀ ਵਿੱਚ ਇਮਿਊਨਿਟੀ ਵਧਦੀ ਹੈ ਅਤੇ ਕਰੋਨਾ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਸਵੇਰੇ 6 ਵਜੇ ਤੋਂ 11 ਵਜੇ ਅਤੇ ਸ਼ਾਮ 4 ਵਜੇ ਤੋਂ ਸ਼ਾਮ 7 ਵਜੇ ਤੱਕ ਇਕ ਘੰਟੇ ਦੀਆਂ 8 ਕਲਾਸਾਂ ਹੋਣਗੀਆਂ। ਇਹ ਲਿੰਕ ਅੱਜ ਕਰੋਨਾ ਦੇ ਮਰੀਜ਼ਾਂ ਨੂੰ ਭੇਜਿਆ ਜਾਵੇਗਾ ਅਤੇ ਉਸ ਲਿੰਕ ’ਤੇ ਜਾ ਕੇ ਆਪਣੀ ਸਹੂਲਤ ਅਨੁਸਾਰ ਕਲਾਸ ਵਿੱਚ ਰਜਿਸਟਰ ਕਰ ਸਕਦੇ ਹਨ। 40 ਹਜ਼ਾਰ ਲੋਕ ਇੱਕੋ ਸਮੇਂ ਯੋਗ ਕਲਾਸਾਂ ਲਗਾ ਸਕਦੇ ਹਨ। ਇੱਕ ਕਲਾਸ ਵਿੱਚ ਸਿਰਫ਼ 15 ਮਰੀਜ਼ ਹੋਣਗੇ ਤੇ ਇੰਨੇ ਇੰਸਟ੍ਰਕਟਰ ਤਿਆਰ ਕੀਤੇ ਹਨ ਕਿ 40 ਹਜ਼ਾਰ ਲੋਕ ਇੱਕੋ ਸਮੇਂ ਯੋਗਾ ਕਲਾਸਾਂ ਲਗਾ ਸਕਦੇ ਹਨ। ਇਸ ਸਮੇਂ ਦਿੱਲੀ ਵਿੱਚ ਡੇਢ ਤੋਂ ਦੋ ਹਜ਼ਾਰ ਬੈੱਡ ਹੀ ਭਰੇ ਹੋਏ ਹਨ, ਬਾਕੀ ਸਾਰੇ ਮਰੀਜ਼ ਘਰ ਇਕਾਂਤਵਾਸ ਵਿੱਚ ਹਨ। ਆਈਆਈਟੀ ਦੇ ਵਿਗਿਆਨੀਆਂ ਦੁਆਰਾ ਸੂਤਰਾ ਮਾਡਲ ਨੇ ਭਵਿੱਖਬਾਣੀ ਕੀਤੀ ਹੈ ਕਿ ਮਹਾਂਮਾਰੀ ਦੀ ਤੀਜੀ ਲਹਿਰ 15 ਜਨਵਰੀ ਦੇ ਆਸਪਾਸ ਦਿੱਲੀ ਵਿੱਚ ਸਿਖਰ ’ਤੇ ਹੋਵੇਗੀ ਅਤੇ ਸ਼ਹਿਰ ਵਿੱਚ ਉਸ ਸਮੇਂ ਦੌਰਾਨ ਪ੍ਰਤੀ ਦਿਨ ਲਗਭਗ 70,000 ਕੇਸ ਦਰਜ ਹੋਣ ਦੀ ਸੰਭਾਵਨਾ ਹੈ।