ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਈ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਨਾਰਾਇਣਾ ਰਿੰਗ ਰੋਡ, ਦੱਖਣ-ਪੱਛਮੀ ਦਿੱਲੀ ਵਿੱਚ ਇੱਕ ਕਰੋਨਾ ਯੋਧਾ ਰਹੂਮ ਨਿਤਿਨ ਤੰਵਰ ਜੋ ਨਾਰਾਇਣਾ ਦੇ ਐੱਮਸੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸਨ ਦੇ ਪਰਿਵਾਰ ਨੂੰ ਇੱਕ ਕਰੋੜ ਦਾ ਚੈੱਕ ਭੇਟ ਕੀਤਾ। ਉਸ ਨੇ ਕਰੋਨਾ ਨਾਲ ਸਬੰਧਤ ਵੱਖ-ਵੱਖ ਥਾਵਾਂ ’ਤੇ ਲੰਬੇ ਸਮੇਂ ਤੋਂ ਡਿਊਟੀ ਕੀਤੀ ਸੀ। ਮਰਹੂਮ ਨਿਤਿਨ ਤੰਵਰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਨਿਤਿਨ ਤੰਵਰ ਸਾਡੇ ਦਿੱਲੀ ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਸਨ। ਉਸ ਨੇ ਕਰੋਨਾ ਨਾਲ ਸਬੰਧਤ ਵੱਖ-ਵੱਖ ਥਾਵਾਂ ‘ਤੇ ਲੰਬੇ ਸਮੇਂ ਤੋਂ ਡਿਊਟੀ ਕੀਤੀ ਤੇ ਕਰੋਨਾ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੈਂ ਅੱਜ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਮਿਲਿਆ, ਉਹ ਆਪਣੇ ਪਿੱਛੇ ਪਤਨੀ, ਪਿਤਾ ਤੇ ਧੀ ਛੱਡ ਗਏ ਹਨ। ਅਸੀਂ ਪਰਿਵਾਰ ਦੇ ਇਸ ਘਾਟੇ ਨੂੰ ਕਦੇ ਪੂਰਾ ਨਹੀਂ ਕਰ ਸਕਦੇ ਪਰ ਦਿੱਲੀ ਸਰਕਾਰ ਵੱਲੋਂ ਪਰਿਵਾਰ ਨੂੰ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਦਿੱਤਾ ਹੈ। ਉਸ ਦੀ ਪਤਨੀ ਨੂੰ ਦਿੱਲੀ ਸਰਕਾਰ ਵਿੱਚ ਅਧਿਆਪਕ ਦੀ ਨੌਕਰੀ ਦੇਣ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਜੋ ਉਸ ਦੇ ਪਰਿਵਾਰ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਸਰਕਾਰ ਉਨ੍ਹਾਂ ਦੀ ਮੱਦਦ ਲਈ ਹਰ ਵੇਲੇ ਤਿਆਰ ਹੈ।