ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੂਨ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਕਰੋਨਾਵਾਇਰਸ ਦੇ ਮਰੀਜ਼ਾਂ ਨੂੰ ਇਲਾਜ ਦੌਰਾਨ ਪਰਿਵਾਰ ਨਾਲ ਸੰਪਰਕ ’ਚ ਰੱਖਣ ਲਈ ਵੀਡੀਓ ਕਾਲਿੰਗ ਦਾ ਤੋਹਫ਼ਾ ਦਿੱਤਾ। ਕੋਵਿਡ -19 ਮਰੀਜ਼ਾਂ ਦਾ ਇਲਾਜ ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ (ਐੱਲਐੱਨਜੇਪੀ ਹਸਪਤਾਲ) ਵਿੱਚ ਕੀਤਾ ਜਾ ਰਿਹਾ ਹੈ ਇਸ ਵੀਡੀਓ ਕਾਲਿੰਗ ਸੇਵਾ ਦੇ ਜ਼ਰੀਏ ਉਹ ਮਰੀਜ਼ ਆਪਣੇ ਅਜ਼ੀਜ਼ਾਂ ਨਾਲ ਗੱਲਬਾਤ ਕਰ ਸਕੇਗਾ। ਇਸ ਸੇਵਾ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕਰੋਨਾਵਾਇਰਸ ਦੇ ਮਰੀਜ਼ ਹਸਪਤਾਲ ’ਚ ਦਾਖਲ ਆਪਣੇ ਅਜ਼ੀਜ਼ਾਂ ਨਾਲ ਗੱਲ ਕਰਨ ਤੋਂ ਅਸਮਰੱਥ ਸਨ ਪਰ ਹੁਣ ਇਹ ਸਮੱਸਿਆ ਹੱਲ ਹੋ ਗਈ। ਐੱਲਐੱਨਜੇਪੀ ਨੇ ਕੋਵਿਡ ਹਸਪਤਾਲ ਬਣਾਉਣ ਦੇ 100 ਦਿਨ ਪੂਰੇ ਕਰ ਲਏ ਹਨ। 17 ਮਾਰਚ ਨੂੰ ਇਸ ਨੂੰ ਕੋਵਿਡ -19 ਹਸਪਤਾਲ ਐਲਾਨਿਆ ਗਿਆ ਸੀ। ਇਹ ਹਸਪਤਾਲ ਪੂਰੇ ਦੇਸ਼ ਦਾ ਸਭ ਤੋਂ ਵੱਡਾ ਕੋਵਿਡ -19 ਹਸਪਤਾਲ ਹੈ ਜਿੱਥੇ ਕੋਵਿਡ ਦੇ ਮਰੀਜ਼ਾਂ ਲਈ 2000 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਐੱਲਐੱਨਜੇਪੀ ਉਹ ਹਸਪਤਾਲ ਸੀ ਜਿੱਥੇ ਪਲਾਜ਼ਮਾ ਥੈਰੇਪੀ ਦੀ ਵਰਤੋਂ ਪਹਿਲਾਂ ਕੋਵਿਡ ਦੇ ਇਲਾਜ ਲਈ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾਵਾਇਰਸ ਵਾਰਡ ’ਤੇ ਕਾਊਂਟਰ ਦੇ ਬਾਹਰ ‘ਟੈਬਲਾਈਡ’ ਲਗਾਏ ਹਨ। ਮਰੀਜ਼ ਤੇ ਉਸਦੇ ਰਿਸ਼ਤੇਦਾਰ ਵੀਡੀਓ ਕਾਲਿੰਗ ਲਈ ਇਸਤੇਮਾਲ ਕਰ ਸਕਦੇ ਹਨ। ਇਸ ਸੇਵਾ ਦੀ ਸ਼ੁਰੂਆਤ ਦੇ ਦੌਰਾਨ ਮੁੱਖ ਮੰਤਰੀ ਨੇ ਵੀਡੀਓ ਕਾਲਿੰਗ ਦੇ ਜ਼ਰੀਏ ਹਸਪਤਾਲ ਦੇ ਕੋਵਿਡ -19 ਵਾਰਡ ’ਚ ਦਾਖਲ ਕੁਝ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਡਾਕਟਰਾਂ ਦੀ ਪ੍ਰਸ਼ੰਸਾ ਵੀ ਕੀਤੀ ਤੇ ਉਨ੍ਹਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ।