ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਮਾਰਚ
ਦਿੱਲੀ ਨਗਰ ਨਿਗਮ ਦੀਆਂ ਚੋਣਾਂ ਬਾਰੇ ਅੱਜ ਦਿੱਲੀ ਰਾਜ ਚੋਣ ਕਮਿਸ਼ਨ ਵੱਲੋਂ ਕੀਤਾ ਜਾਣ ਵਾਲ ਐਲਾਨ 5-7 ਦਿਨਾਂ ਲਈ ਟਾਲ਼ ਦਿੱਤੇ ਜਾਣ ਮਗਰੋਂ ਦਿੱਲੀ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਭਖ ਗਈ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਚੋਣ ਕਮਿਸ਼ਨ ਦੇ ਇਸ ਕਦਮ ਦੀ ਸਖ਼ਤ ਨਿੰਦਾ ਕੀਤੀ ਤੇ ਚੋਣ ਕਮਿਸ਼ਨ ਨੂੰ ਭਾਜਪਾ ਦੇ ਦਬਾਅ ਹੇਠ ਨਾ ਆਉਣ ਦੀ ਬੇਨਤੀ ਵੀ ਕੀਤੀ ਗਈ। ਦੋਵਾਂ ਵਿਰੋਧੀ ਪਾਰਟੀਆਂ ਨੇ ਐਲਾਨ ਟਾਲ਼ੇ ਜਾਣ ਨੂੰ ਭਾਜਪਾ ਦੀ ਸੰਭਾਵੀ ਹਾਰ ਵਜੋਂ ਲਿਆ ਹੈ। ਇਸੇ ਦੌਰਾਨ ਚੋਣਾਂ ਲੜਨ ਦੀਆਂ ਚਾਹਵਾਨ ਧਿਰਾਂ ਵੱਲੋਂ ਉਮੀਦਵਾਰਾਂ ਦਾ ਐਲਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ। ਅੱਜ ਸਵਰਾਜ ਇੰਡੀਆ ਵੱਲੋਂ ਨਿਗਮ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ। ਚੋਣ ਕਮਿਸ਼ਨ ਵੱਲੋਂ ਅੱਜ ਸ਼ਾਮ ਨੂੰ ਦਿੱਲੀ ਨਗਰ ਨਿਗਮ ਦੇ ਤਿੰਨਾਂ ਵਿੰਗਾਂ ਉੱਤਰੀ, ਪੂਰਬੀ ਤੇ ਦੱਖਣੀ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਸੀ ਪਰ ਸੂਬਾਈ ਚੋਣ ਕਮਿਸ਼ਨਰ ਐੱਸਕੇ ਸ੍ਰੀ ਵਾਸਤਵ ਨੇ ਕੇਂਦਰ ਸਰਕਾਰ ਦੀ ਇੱਕ ਸੂਚਨਾ ਦੇ ਹਵਾਲੇ ਨਾਲ ਇਹ ਐਲਾਨ 5-7 ਦਿਨਾਂ ਲਈ ਟਾਲ਼ ਦਿੱਤਾ। ਉਨ੍ਹਾਂ ਚੋਣਾਂ ਬਾਰੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਖੁਲਾਸਾ ਕੀਤਾ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਵੱਲੋਂ ਨਗਰ ਨਿਗਮਾਂ ਦੇ ਤਿੰਨਾਂ ਵਿੰਗਾਂ ਨੂੰ ਮੁੜ ਇੱਕ ਕਰਨ ਦੀ ਯੋਜਨਾ ਹੈ। ਹਾਲਾਂ ਕਿ ਚੋਣ ਕਮਿਸ਼ਨਰ ਨੇ ਕੇਂਦਰ ਸਰਕਾਰ ਵੱਲੋਂ ਆਏ ਪੱਤਰ ਦੀ ਕਾਪੀ ਪੱਤਰਕਾਰਾਂ ਨਾਲ ਸਾਂਝੀ ਨਹੀਂ ਕੀਤੀ। ਸ੍ਰੀ ਵਾਸਤਵ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਦਾ ਪੱਤਰ ਮਿਲਿਆ ਜਿਸ ਮਗਰੋਂ ਚੋਣ ਪ੍ਰੋਗਰਾਮ ਦੇ ਐਲਾਨ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਚੋਣ ਕਮਿਸ਼ਨ ਇਸ ਮਾਮਲੇ ਵਿੱਚ ਕਾਨੂੰਨੀ ਰਾਏ ਲਵੇਗਾ। 2012 ਵਿੱਚ ਕੇਂਦਰ ਸਰਕਾਰ ਨੇ ਦਿੱਲੀ ਨਗਰ ਨਿਗਮ ਦੇ ਤਿੰਨ ਹਿੱਸੇ ਉੱਤਰੀ ਦਿੱਲੀ ਨਗਰ ਨਿਗਮ, ਪੂਰਬੀ ਦਿੱਲੀ ਨਗਰ ਨਿਗਮ ਤੇ ਦੱਖਣੀ ਦਿੱਲੀ ਨਗਰ ਨਿਗਮ ਬਣਾ ਦਿੱਤੇ ਸਨ। ਇਸ ਮਗਰੋਂ ਨਿਗਮ ਦੀ ਹਾਲਤ ਖਸਤਾ ਹੁੰਦੀ ਚੱਲੀ ਗਈ। 2012 ਵਿੱਚ ਦਿੱਲੀ ਨਗਰ ਨਿਗਮ ਭੂਗੋਲਿਕ ਨਜ਼ਰੀਏ ਤੋਂ ਦੇਸ਼ ਦੀ ਸਭ ਤੋਂ ਵੱਡੀ ਨਗਰ ਨਿਗਮ ਤੇ ਜਪਾਨ ਦੇ ਟੋਕੀਓ ਮਗਰੋਂ ਏਸ਼ੀਆ ਵਿੱਚ ਦੂਜੇ ਨੰਬਰ ’ਤੇ ਸੀ।
ਭਾਰਤੀ ਜਨਤਾ ਪਾਰਟੀ ਨੇ ਹਾਰ ਮੰਨ ਲਈ: ਕੇਜਰੀਵਾਲ
ਨਵੀਂ ਦਿੱਲੀ(ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਨੂੰ ਮੁਲਤਵੀ ਕਰਨ ਦੀ ਕੋਸ਼ਿਸ਼ ਇਹ ਦਰਸਾਉਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਹਾਰ ਮੰਨ ਲਈ ਹੈ। ਦਿੱਲੀ ਦੇ ਲੋਕ ਬਹੁਤ ਨਾਰਾਜ਼ ਹਨ। ਉਹ ਕਹਿ ਰਹੇ ਹਨ ਕਿ ਭਾਜਪਾ ਚੋਣਾਂ ਕਰਵਾਉਣ ਦੀ ਹਿੰਮਤ ਨਹੀਂ ਕਰਦੀ ਅਤੇ ਹੁਣ, ਉਹ ਯਕੀਨੀ ਬਣਾਉਣਗੇ। ਕੇਜਰੀਵਾਲ ਨੇ ਇੱਕ ਟਵੀਟ ਵਿੱਚ ਕਿਹਾ, ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਹਨ। ਮੁੱਖ ਮੰਤਰੀ ਜੋ ਕਿ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਵੀ ਹਨ ਨੇ ਇਹ ਵੀ ਦਾਅਵਾ ਕੀਤਾ ਕਿ ਪਾਰਟੀ ਦੇ ਅੰਦਰੂਨੀ ਸਰਵੇਖਣ ਨੇ ਸੰਕੇਤ ਦਿੱਤਾ ਹੈ ਕਿ ਉਹ 272 ਵਿੱਚੋਂ 250 ਸੀਟਾਂ ਜਿੱਤੇਗੀ। ਉਨ੍ਹਾਂ ਕਿਹਾ ਕਿ ਹੁਣ ਸਾਨੂੰ 260 ਤੋਂ ਵੱਧ ਸੀਟਾਂ ਮਿਲਣਗੀਆਂ। ਕੇਜਰੀਵਾਲ ਨੇ ਰਾਜ ਚੋਣ ਕਮਿਸ਼ਨ ਨੂੰ ਭਾਜਪਾ ਦੇ ਦਬਾਅ ਹੇਠ ਨਾ ਆਉਣ ਲਈ ਕਿਹਾ। ਕਾਂਗਰਸ ਨੇ ਵੀ ਦੋਸ਼ ਲਾਇਆ ਕਿ ਭਾਜਪਾ ਚੋਣਾਂ ਤੋਂ ਹਾਰ ਦੇ ਡਰੋਂ ਭੱਜ ਰਹੀ ਹੈ। ਸੂਬਾ ਕਾਂਗਰਸ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਭਾਜਪਾ ਤੇ ‘ਆਪ’ ਨੇ ਦਿੱਲੀ ਦਾ ਮਾਹੌਲ ਫਿਰਕੂ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਨਿਗਮ ਚੋਣਾਂ ਨੂੰ ਲੈ ਕੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਭਾਜਪਾ ਕਦੇ ਵੀ ਚੋਣਾਂ ਤੋਂ ਪ੍ਰਹੇਜ਼ ਨਹੀਂ ਕਰਦੀ: ਆਦੇਸ਼ ਗੁਪਤਾ
ਭਾਜਪਾ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਹੈ ਕਿ ਭਾਜਪਾ ਕਦੇ ਵੀ ਚੋਣਾਂ ਤੋਂ ਪ੍ਰਹੇਜ਼ ਨਹੀਂ ਕਰਦੀ। ਸਾਡਾ ਸੰਗਠਨ ਹਮੇਸ਼ਾ ਚੋਣਾਂ ਲਈ ਤਿਆਰ ਰਹਿੰਦਾ ਹੈ। ਦਿੱਲੀ ਵਿੱਚ ਦਸ ਸਾਲ ਪਹਿਲਾਂ ਨਗਰ ਨਿਗਮ ਨੂੰ ਤਿੰਨ ਨਿਗਮਾਂ ਵਿੱਚ ਵੰਡਿਆ ਗਿਆ ਸੀ ਪਰ ਦਸ ਸਾਲਾਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਤੇ ਜਨਤਾ ਨੂੰ ਅਹਿਸਾਸ ਹੋਇਆ ਕਿ ਇਸ ਨਾਲ ਨਾ ਸਿਰਫ਼ ਪ੍ਰਸ਼ਾਸਨਿਕ ਮੁਸ਼ਕਲਾਂ ਪੈਦਾ ਹੋਈਆਂ ਹਨ ਸਗੋਂ ਆਰਥਿਕ ਸਮੱਸਿਆਵਾਂ ਵਿੱਚ ਵੀ ਵਾਧਾ ਹੋਇਆ ਹੈ। ਦਿੱਲੀ ਦੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਦਿੱਲੀ ਦੀਆਂ ਤਿੰਨਾਂ ਨਗਰ ਨਿਗਮਾਂ ਦੀਆਂ ਮੁਸ਼ਕਲਾਂ ਨੂੰ ਵਧਾਉਣ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਦੀ ਸਿਆਸੀ ਬੁਰਾਈ ਦਾ ਵੱਡਾ ਰੋਲ ਹੈ। ਪਿਛਲੇ 7 ਸਾਲਾਂ ਵਿੱਚ ਲਗਾਤਾਰ ਨਿਗਮ ਦੇ ਫੰਡਾਂ ‘ਤੇ ਰੋਕ ਲਗਾ ਕੇ ਕੇਜਰੀਵਾਲ ਨੇ ਨਿਗਮਾਂ ਨੂੰ ਵਿੱਤੀ ਤੌਰ ’ਤੇ ਅਪਾਹਜ ਬਣਾ ਦਿੱਤਾ ਹੈ ਅਤੇ ਸਿਸਟਮ ਨੂੰ ਵੀ ਕਮਜ਼ੋਰ ਕੀਤਾ ਹੈ।ਇਸ ਲਈ ਕੇਂਦਰ ਸਰਕਾਰ ਨੇ ਦਖਲ ਦੇਣ ਦਾ ਫੈਸਲਾ ਕੀਤਾ। ਦਿੱਲੀ ਭਾਜਪਾ ਦੇ ਪ੍ਰਧਾਨ ਨੇ ਕਿਹਾ ਹੈ ਕਿ ਭਾਜਪਾ ਕਦੇ ਵੀ ਚੋਣਾਂ ਤੋਂ ਨਹੀਂ ਡਰਦੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦੀ ਭ੍ਰਿਸ਼ਟ ਸ਼ਰਾਬ ਨੀਤੀ ਕਾਰਨ ਲੋਕਾਂ ਵਿੱਚ ਉਨ੍ਹਾਂ ਖਿਲਾਫ ਗੁੱਸਾ ਹੈ। ਉਸ ਦੇ ਬਿਆਨ ਸਿਰਫ਼ ਜਨਤਕ ਧੋਖਾ ਹਨ ਅਸਲ ਵਿੱਚ ਉਹ ਚੋਣਾਂ ਮੁਲਤਵੀ ਹੋਣ ਤੋਂ ਖੁਸ਼ ਹਨ।