ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਗਸਤ
ਦੱਖਣੀ ਦਿੱਲੀ ਨਗਰ ਨਿਗਮ (ਐੱਸਡੀਐੱਮਸੀ) ਨੇ 20 ਡੀਟੀਸੀ ਬੱਸ ਡਿਪੂਆਂ ਨੂੰ ਮਾਨਸੂਨ ਦੌਰਾਨ ਮੱਛਰਾਂ ਦੀ ਪੈਦਾਇਸ਼ ਰੋਕਣ ਵਿੱਚ ਕਥਿਤ ਤੌਰ ’ਤੇ ਅਸਫਲ ਰਹਿਣ ਲਈ ਕਾਨੂੰਨੀ ਨੋਟਿਸ ਜਾਰੀ ਕੀਤੇ ਹਨ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਐੱਸਡੀਐੱਮਸੀ ਦੇ ਜਨ ਸਿਹਤ ਵਿਭਾਗ ਦੀ ਵਿਸ਼ੇਸ਼ ਮੁਹਿੰਮ ਦੌਰਾਨ ਮੱਛਰਾਂ ਦੀ ਪੈਦਾਵਾਰ ਦਾ ਪਤਾ ਲਗਾਉਣ ਤੇ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਸਥਿਤ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੇ ਬੱਸ ਡਿਪੂਆਂ ਦੀ ਜਾਂਚ ਕਰਨ ਲਈ ਕੀਤੀ ਗਈ ਸੀ। ਵਿਭਾਗ ਨੇ ਆਪਣੀ ਮੁਹਿੰਮ ਦੌਰਾਨ, ਐੱਸਡੀਐੱਮਸੀ ਦੇ ਅਧਿਕਾਰ ਖੇਤਰ ਵਿੱਚ ਆਉਂਦੇ 38 ਬੱਸਾਂ ਦੇ ਡਿੱਪੂਆਂ ਵਿੱਚ ਮੱਛਰ ਪਾਏ ਗਏ। ਮੱਛਰਾਂ ਦੇ ਪ੍ਰਜਨਨ ਦੇ ਪਿੱਛੇ ਕਾਰਨ ਬਰਸਾਤੀ ਪਾਣੀ ਦੇ ਟਾਇਰਾਂ, ਫੁੱਲਾਂ ਦੇ ਬਰਤਨਾਂ, ਕੂਲਰਾਂ ਆਦਿ ਵਿੱਚ ਇਕੱਠਾ ਇਕੱਠੇ ਹੋਣਾ ਰਿਹਾ। ਐੱਸਡੀਐੱਮਸੀ ਨੇ ਕਿਹਾ ਕਿ ਮੱਛਰਾਂ ਦਾ ਪਤਾ ਲਗਾਉਣ ਤੋਂ ਬਾਅਦ, ਵਿਭਾਗ ਨੇ 20 ਕਾਨੂੰਨੀ ਨੋਟਿਸ ਤੇ ਉਨ੍ਹਾਂ ਦੇ ਖਿਲਾਫ ਇੱਕ ਚਲਾਨ ਜਾਰੀ ਕਰਕੇ ਕੇਅਰ ਟੇਕਰਸ/ਮੈਨੇਜਰਾਂ (ਡਿੱਪੂ ਦੇ) ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। ਦਵਾਰਕਾ ਦੇ ਸੈਕਟਰ -2, ਸੈਕਟਰ -22, ਸੈਕਟਰ-ਸੀ ਵਿਖੇ ਡੀਟੀਸੀ ਕਲਸਟਰ ਬੱਸ ਡਿਪੂ; ਸੁਖਦੇਵ ਵਿਹਾਰ, ਖਾਨਪੁਰ, ਵਸੰਤ ਵਿਹਾਰ, ਦਿਚੌ ਕਲਾਂ ਸਮੇਤ ਹੋਰ ਬੱਸ ਡਿਪੂਆਂ ਨੂੰ ਕਾਨੂੰਨੀ ਨੋਟਿਸ ਜਾਰੀ ਕੀਤੇ ਹਨ। ਐਸਡੀਐਮਸੀ ਦੇ ਪਬਲਿਕ ਹੈਲਥ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਮੌਨਸੂਨ ਵਿੱਚ ਮੱਛਰਾਂ ਦੀ ਪੈਦਾਵਾਰ ਵਧਦੀ ਹੈ ਇਸ ਲਈ ਬਿਮਾਰੀਆਂ ਦੇ ਮਾਮਲੇ ਵੱਧ ਸਕਦੇ ਹਨ।
ਡੇਂਗੂ ਦੇ 82 ਮਾਮਲੇ ਮਿਲੇ
ਨਗਰ ਨਿਗਮਾਂ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਇਸ ਸਾਲ 21 ਅਗਸਤ ਤੱਕ ਡੇਂਗੂ ਦੇ 82 ਮਾਮਲੇ ਦਰਜ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਾਨਸੂਨ ਦੇ ਦੌਰਾਨ, ਮੀਂਹ ਦਾ ਪਾਣੀ ਖਾਲੀ ਜ਼ਮੀਨ, ਸੜਕਾਂ ਦੇ ਕਿਨਾਰਿਆਂ, ਇਮਾਰਤਾਂ ਦੀਆਂ ਛੱਤਾਂ ’ਤੇ ਤੇ ਇੱਥੋਂ ਤੱਕ ਕਿ ਅਣਪਛਾਤੀਆਂ ਵਸਤੂਆਂ ਵਿੱਚ ਇਕੱਠਾ ਹੋ ਜਾਂਦਾ ਹੈ ਜੋ ਮੱਛਰਾਂ ਦੇ ਪ੍ਰਜਨਨ ਲਈ ਅਨੁਕੂਲ ਮਾਹੌਲ ਦਿੰਦਾ ਹੈਜੋ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਫੈਲਾਉਣ ਲਈ ਜਾਣਿਆ ਜਾਂਦਾ ਹੈ। ਕੀਟਨਾਸ਼ਕ ਸਪਰੇਅ ਦੀ ਵਰਤੋਂ ਸਿਵਲ ਸਟਾਫ ਦੁਆਰਾ ਕੀਤੀ ਗਈ। ਸਿਵਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਬੱਸ ਡਿਪੂਆਂ ਦੇ ਦੇਖਭਾਲ ਕਰਨ ਵਾਲਿਆਂ/ਪ੍ਰਬੰਧਕਾਂ ਨਾਲ ਤਾਲਮੇਲ ਕਰਨ ਤੇ ਇਮਾਰਤਾਂ ਵਿੱਚ ਮੱਛਰ ਵਿਰੋਧੀ ਉਪਾਅ ਕਰਨ ਲਈ ਵਰਕਸ਼ਾਪਾਂ ਦਾ ਆਯੋਜਨ ਕਰਨ।