ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਗਸਤ
ਪੂਰਬੀ ਦਿੱਲੀ ਨਗਰ ਨਿਗਮ ਨੇ ਦਿੱਲੀ ਦੰਗਿਆਂ ਦੇ ਕਥਿਤ ਮੁਲਜ਼ਮ ਆਮ ਆਦਮੀ ਪਾਰਟੀ ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਹੈ। ਪੂਰਬੀ ਦਿੱਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਤਾਹਿਰ ਹੁਸੈਨ ਦੀ ਮੈਂਬਰਸ਼ਿਪ ਖਤਮ ਕਰਨ ਦੀ ਤਜਵੀਜ਼ ਨੂੰ ਪਾਸ ਕਰ ਦਿੱਤਾ ਗਿਆ, ਜਿਸ ਮਗਰੋਂ ਮੈਂਬਰਸ਼ਿਪ ਰੱਦ ਕਰਨ ਦੀ ਜਾਣਕਾਰੀ ਜਨਤਕ ਕੀਤੀ ਗਈ। ਭਾਜਪਾ ਨੇ ਤਾਹਿਰ ਹੁਸੈਨ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਹੈ। ਪੂਰਬੀ ਦਿੱਲੀ ਨਗਰ ਨਿਗਮ ਤਰਫੋਂ ਇਹ ਕਿਹਾ ਗਿਆ ਹੈ ਕਿ ਵਾਰਡ ਨੰਬਰ 59 ਦੀ ਨੁਮਾਇੰਦਗੀ ਕਰਨ ਵਾਲੇ ਤਾਹਿਰ ਹੁਸੈਨ ਜਨਵਰੀ ਤੋਂ ਜੁਲਾਈ ਤੱਕ ਬਿਨਾਂ ਕਿਸੇ ਨੋਟਿਸ ਦੇ ਸਦਨ ਤੋਂ ਗੈਰਹਾਜ਼ਰ ਰਹੇ। ਨਿਯਮਾਂ ਦੇ ਅਨੁਸਾਰ ਬਿਨਾਂ ਕਿਸੇ ਨੋਟਿਸ ਦੇ ਸਦਨ ਦੀਆਂ ਤਿੰਨ ਮੀਟਿੰਗਾਂ ਵਿੱਚ ਗੈਰਹਾਜ਼ਰ ਰਹੇ ਕੌਂਸਲਰ ਦੀ ਮੈਂਬਰਸ਼ਿਪ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਆਧਾਰ ’ਤੇ ਨਗਰ ਨਿਗਮ ਨੇ ਇਹ ਕਾਰਵਾਈ ਕੀਤੀ ਹੈ। ਉੱਤਰ-ਪੂਰਬੀ ਦਿੱਲੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਤਾਹਿਰ ਹੁਸੈਨ ਦੀ ਮੈਂਬਰਸ਼ਿਪ ਖ਼ਤਮ ਕਰਨ ਨੂੰ ਜਨਤਕ ਜਿੱਤ ਰੱਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਐੱਮਸੀਡੀ ਨੇ ਤਾਹਿਰ ਹੁਸੈਨ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਦਿੱਲੀ ਭਾਜਪਾ ਦੇ ਮੀਡੀਆ ਸੰਬੰਧਾਂ ਦੇ ਮੁਖੀ ਨੀਲਕਾਂਤ ਬਖਸ਼ੀ ਨੇ ਕਿਹਾ ਕਿ ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਤਾਹਿਰ ਹੁਸੈਨ ਖ਼ਿਲਾਫ਼ ਨਿਗਮ ਦੀ ਕਾਰਵਾਈ ਦਾ ਸਵਾਗਤ ਹੈ। ਹੁਣ ਇਹ ਖੁਲਾਸਾ ਹੋਣਾ ਚਾਹੀਦਾ ਹੈ ਕਿ ਤਾਹਿਰ ਹੁਸੈਨ ਦਿੱਲੀ ਦੰਗਿਆਂ ਦੌਰਾਨ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਸੰਪਰਕ ਵਿੱਚ ਸੀ। ਦਿੱਲੀ ਦੰਗੇ ਇਕ ਭਿਆਨਕ ਸਾਜਿਸ਼ ਕਾਰਨ ਹੋਏ। ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਸੂਬਾ ਪ੍ਰਧਾਨ ਆਦੇਸ਼ ਕੁਮਾਰ ਗੁਪਤਾ ਨੂੰ ਕੌਂਸਲਰ ਦੀ ਮੈਂਬਰਸ਼ਿਪ ਖ਼ਤਮ ਕਰਨ ਦਾ ਸਿਹਰਾ ਦਿੱਤਾ। ਕਪੂਰ ਨੇ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਕੇਜਰੀਵਾਲ ਸਰਕਾਰ ਤਾਹਿਰ ਹੁਸੈਨ ਨੂੰ ਬਚਾਉਣ ਲਈ ਕਾਨੂੰਨੀ ਅੜਿੱਕੇ ਪੈਦਾ ਕਰ ਰਹੀ ਹੈ।