ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਅਪਰੈਲ
ਦਿੱਲੀ ਦੇ ਓਖਲਾ ਇਲਾਕੇ ਵਿੱਚ ਇੱਕ ਰੈਸਤਰਾਂ ’ਚ ਧਮਾਕਾ ਹੋਣ ਕਾਰਨ ਦਰਜਨ ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਜ਼ਖ਼ਮੀਆਂ ਨੂੰ ਹੋਲੀ ਫੈਮਿਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੈਸਤਰਾਂ ਵਿੱਚ ਲੱਗੇ ਏਸੀ ’ਚ ਸਿਲੰਡਰ ਤੋਂ ਗੈਸ ਭਰਦੇ ਸਮੇਂ ਇਹ ਧਮਾਕਾ ਹੋਇਆ ਅਤੇ ਉਥੇ ਮੌਜੂਦ 13 ਲੋਕ ਜ਼ਖ਼ਮੀ ਹੋ ਗਏ। ਓਖਲਾ ਵਿੱਚ ਵੈਫਲ ਮੇਨੀਆ ਨਾਮ ਦੇ ਰੈਸਤਰਾਂ ’ਚ ਏਸੀ ਕੰਪਰੈਸ਼ਰ ਵਿੱਚ ਧਮਾਕਾ ਹੋਇਆ ਹੈ। ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਦੀ ਸੂਚਨਾ ਮਿਲਣ ’ਤੇ ਤਿੰਨ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਧਮਾਕੇ ਕਾਰਨ ਉਸ ਸਮੇਂ ਰੈਸਤਰਾਂ ਵਿੱਚ ਮੌਜੂਦ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹੋਲੀ ਫੈਮਿਲੀ ਹਸਪਤਾਲ ਵਿੱਚ ਦਾਖਲ ਕਰਵਾਇਆ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਵਾਪਸ ਘਰ ਭੇਜ ਦਿੱਤਾ ਗਿਆ ਅਤੇ ਗੰਭੀਰ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।
ਪੰਜਾਬੀ ਬਾਗ ਦੇ ਬਾਰ ਵਿੱਚ ਅੱਗ ਲੱਗੀ
ਪੱਛਮੀ ਦਿੱਲੀ ਦੇ ਪੰਜਾਬੀ ਬਾਗ ਖੇਤਰ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਰੈਸਤਰਾਂ-ਕਮ-ਬਾਰ ਵਿੱਚ ਭਿਆਨਕ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ 1.35 ਵਜੇ ਪੰਜਾਬੀ ਬਾਗ ਦੇ ਕਲੱਬ ਰੋਡ ’ਤੇ ਟਰੌਏ ਲੌਂਜ ਐਂਡ ਬਾਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਥੇ ਤਿੰਨ ਫਾਇਰ ਟੈਂਡਰ ਮੌਕੇ ’ਤੇ ਪਹੁੰਚ ਗਏ ਸਨ। ਉਸ ਨੇ ਦੱਸਿਆ ਕਿ ਬਾਅਦ ਵਿਚ ਨੌਂ ਹੋਰ ਫਾਇਰ ਟੈਂਡਰ ਮੌਕੇ ’ਤੇ ਪਹੁੰਚ ਗਏ ਸਨ। ਅੱਗ ਬੁਝਾਊ ਵਿਭਾਗ ਦੀ ਮਦਦ ਲਈ ਸਥਾਨਕ ਪੁਲੀਸ ਅਤੇ ਐਂਬੂਲੈਂਸ ਸੇਵਾਵਾਂ ਨੂੰ ਵੀ ਬੁਲਾਇਆ ਗਿਆ ਸੀ। ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਅੱਗ ’ਤੇ ਕਾਬੂ ਪਾਉਣ ਵਿੱਚ ਕਰੀਬ 2 ਘੰਟੇ ਦਾ ਸਮਾਂ ਲੱਗਿਆ। ਲੱਖਾਂ ਰੁਪਏ ਦਾ ਬਾਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।