ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜਨਵਰੀ
ਦਿੱਲੀ ਵਿੱਚ ਤੇਜ਼ੀ ਨਾਲ ਸਮਾਜਿਕ ਭਾਈਚਾਰੇ ਦੇ ਮਾਹੌਲ ਨੂੰ ਵਿਗਾੜਨ ਦੀ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਖਿਲਾਫ਼ ਜਾਗੋ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਭੇਜਿਆ ਹੈ। ਉਕਤ ਪੱਤਰ ਦਾ ਉਤਾਰਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਪੁਲੀਸ ਦੇ ਕਮਿਸ਼ਨਰ ਐੱਸਐੱਨ ਸ੍ਰੀਵਾਸਤਵ ਨੂੰ ਭੇਜਿਆ ਗਿਆ ਹੈ। ਪ੍ਰਧਾਨ ਮਨਜੀਤ ਸਿਘ ਜੀਕੇ ਨੇ ਦੱਸਿਆ ਕਿ ਲਗਾਤਾਰ ਦਿੱਲੀ ਵਿੱਚ 26 ਜਨਵਰੀ ਦੀ ਪਰੇਡ ਤੋਂ ਬਾਅਦ ਸਿੱਖਾਂ ਦੇ ਖ਼ਿਲਾਫ਼ ਜ਼ਹਿਰੀਲਾ ਪ੍ਰਚਾਰ ਮੀਡੀਆ ਤੇ ਸੋਸ਼ਲ ਮੀਡੀਆ ’ਤੇ ਕੀਤਾ ਜਾ ਰਿਹਾ ਹੈ। ਜਿਸਦੇ ਕਾਰਨ ਸਿੱਖਾਂ ਦੇ ਜਾਨ-ਮਾਲ ’ਤੇ ਖ਼ਤਰਾ ਪੈਦਾ ਹੋ ਗਿਆ ਹੈ। ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਸੰਭਾਲਣ ਦਾ ਜਿੰਮਾ ਦਿੱਲੀ ਸਰਕਾਰ ਦੇ 11 ਡੀਐੱਮ ਤੇ 33 ਐੱਸਡੀਐੱਮ ਦਾ ਹੈ ਪਰ ਪੁਲੀਸ ਦੇ ਨਾਲ ਤਾਲਮੇਲ ਕਰਨ ਦੀ ਥਾਂ ਪ੍ਰਸ਼ਾਸਨ ਸੁੱਤਾ ਹੋਇਆ ਜਾਪਦਾ ਹੈ। ਇਸਦੀ ਉਦਾਹਰਨ ਕੱਲ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਤੇ ਗੁਰੂ ਤੇਗ ਬਹਾਦਰ ਯਾਦਗਾਰ, ਸਿੰਘੂ ਬਾਰਡਰ ਦੇ ਅੰਦਰ ਹੋਈ ਹੁਲੜਬਾਜ਼ੀ ਹੈ।