ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ-ਏ-ਕਮਾਲ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦਾ 354ਵਾਂ ਪ੍ਰਕਾਸ਼ ਪੁਰਬ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਮੇਟੀ ਦੇ ਸਾਰੇ ਗੁਰੂ ਘਰਾਂ ਵਿਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਤੇ ਗੁਰਮਤਿ ਸਮਾਗਮ ਕਰਵਾਏ ਗਏ। ਮੁੱਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਚ ਕੀਤਾ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗੁੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਦੀ ਸਾਜਣਾ ਕਰ ਕੇ ਦੁਨੀਆਂ ਨੂੰ ਨਿਮਰਤਾ, ਹਲੀਮੀ ਤੇ ਬਹਾਦਰੀ ਨਾਲ ਭਰਪੂਰ ਅਜਿਹੀ ਕੌਮ ਬਖ਼ਸ਼ੀ ਹੈ, ਜਿਸ ਵੱਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੀ ਅੱਜ ਸਾਰੀ ਦੁਨੀਆਂ ਵਿਚ ਵਡਿਆਈ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਸਾਰੀ ਦੁਨੀਆਂ ਵਿਚ ਮਨਾਇਆ ਜਾ ਰਿਹਾ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਖਾਲਸਾ ਰੂਪ ਤੇ ਸਰੂਪ ਬਖ਼ਸ਼ ਕੇ ਸਾਡੇ ’ਤੇ ਬਹੁਤ ਵੱਡੀ ਕਿਰਪਾ ਕੀਤੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਦੇਸ਼ ਤੇ ਦੁਨੀਆਂ ਵਿਚ ਅਜਿਹੀ ਕੋਈ ਮਿਸਾਲ ਨਹੀਂ ਹੈ ਤੇ ਨਾ ਹੀ ਮਿਲੇਗੀ ਜਦੋਂ 9 ਸਾਲਾ ਦਾ ਪੁੱਤਰ ਆਪਣੇ ਪਿਤਾ ਨੂੰ ਆਖੇ ਕਿ ਉਹ ਮਨੁੱਖਤਾ ਵਾਸਤੇ ਆਪਣੀ ਸ਼ਹਾਦਤ ਦੇਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੇ ਚਾਰ ਸਾਹਿਬਜ਼ਾਦਿਆਂ ਸਮੇਤ ਸਾਰਾ ਪਰਿਵਾਰ ਮਨੁੱਖਤਾ ਲਈ ਵਾਰ ਦਿੱਤਾ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਸੰਗਤ ਦੇ ਸਹਿਯੋਗ ਬਦੌਲਤ ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਘਰ ਦੀਆਂ ਸੇਵਾਵਾਂ ’ਚ ਵੱਡੇ ਉਪਰਾਲੇ ਕੀਤੇ ਹਨ, ਜਿਨ੍ਹਾਂ ਵਿਚ ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਹਾਲ ਦਾ ਨਵੀਨੀਕਰਨ ਮੁਕੰਮਲ ਹੋ ਰਿਹਾ ਹੈ ਤੇ ਅਗਲੇ 7 ਦਿਨਾਂ ਵਿਚ ਇਹ ਲੰਗਰ ਹਾਲ ਮੁੜ ਸ਼ੁਰੂ ਹੋ ਜਾਵੇਗਾ ਤੇ ਇਹ ਦੇੇਸ਼ ਦਾ ਪਹਿਲਾ ਅਜਿਹਾ ਲੰਗਰ ਹਾਲ ਹੈ, ਜਿਥੇ ਪੂਰਨ ਮਕੈਨਿਕਲ ਤਰੀਕੇ ਨਾਲ ਲੰਗਰ ਤਿਆਰ ਹੋਵੇਗਾ। ਇਸੇ ਤਰੀਕੇ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੁੰ ਵੇਖਦਿਆਂ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦੇ ਸੁੰਦਰੀਕਰਨ ਦਾ ਕੰਮ ਚਲ ਰਿਹਾ ਹੈ। ਸਮਾਗਮ ਵਿਚ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਨਾ ਸਿਰਫ ਖਾਲਸਾ ਸਰੂਪ ਦਿੱਤਾ ਬਲਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਜਿਨ੍ਹਾਂ ਤੋਂ ਸੇਧ ਲੈ ਕੇ ਅੱਜ ਸਾਰੀ ਦੁਨੀਆਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਿੰਘ ਬਣਾਇਆ ਤੇ ਜਬਰ ਤੇ ਜ਼ੁਲਮ ਖਿਲਾਫ਼ ਲੜਨਾ ਸਿਖਾਇਆ।