ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਜੁਲਾਈ
ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਨੇ ਦੋਸ਼ ਲਾਇਆ ਹੈ ਕਿ ਦਿੱਲੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਡੀਡੀਏ ਨੇ ਗਿਆਸਪੁਰ ਵਿੱਚ ਝੁੱਗੀਆਂ ਢਾਹੁਣ ਲਈ ਬੁਲਡੋਜ਼ਰ ਭੇਜੇ, ਜਿਸ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।
ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਰਾਏ ਕਾਲੇ ਖ਼ਾਨ ਅੰਤਰਰਾਜੀ ਬੱਸ ਅੱਡੇ ਦੇ ਸਾਹਮਣੇ ਗਿਆਸਪੁਰ ਬਸਤੀ 40 ਸਾਲ ਪੁਰਾਣੀ ਹੈ, ਜਿਸ ਵਿੱਚ 600 ਤੋਂ ਵੱਧ ਦਿਹਾੜੀਦਾਰ ਪਰਿਵਾਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੀ 27 ਅਤੇ 28 ਜੂਨ ਨੂੰ ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਦਿੱਲੀ ਪੁਲੀਸ ਨਾਲ ਮਿਲ ਕੇ ਝੁੱਗੀਆਂ ਵਿੱਚ ਰਹਿੰਦੇ ਲੋਕਾਂ ਨੂੰ ਚਾਰ ਹਫ਼ਤਿਆਂ ਦਾ ਕਾਨੂੰਨੀ ਨੋਟਿਸ ਦਿੱਤੇ ਬਿਨਾਂ ਝੁੱਗੀਆਂ ਢਾਹ ਦਿੱਤੀਆਂ ਸੀ। ਦੁਖੀ ਲੋਕਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਆਗੂਆਂ ਨੇ ਦੱਸਿਆ ਕਿ 28 ਜੂਨ ਨੂੰ ਮਕਾਨ ਢਾਹੁਣ ’ਤੇ ਰੋਕ ਲਾਉਂਦਿਆਂ ਦਿੱਲੀ ਹਾਈਕੋਰਟ ਨੇ ਡੀਡੀਏ ਨੂੰ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ 43 ਹੋਰ ਪਰਿਵਾਰਾਂ ਦੀਆਂ ਅਰਜ਼ੀਆਂ ਦਿੱਲੀ ਹਾਈ ਕੋਰਟ ਵਿੱਚ ਵਿਚਾਰ ਅਧੀਨ ਹਨ।
ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਸ ਬਸਤੀ ਵਿੱਚ ਸਾਰੇ ਵਸਨੀਕਾਂ ਕੋਲ ਪਛਾਣ ਦੇ ਦਸਤਾਵੇਜ਼ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਮੁੜ ਵਸੇਬਾ ਕਰਨ ਤੱਕ ਕਿਸੇ ਵੀ ਤਰ੍ਹਾਂ ਬੇਦਖਲੀ ਨਹੀਂ ਕੀਤੀ ਜਾ ਸਕਦੀ। ਬੁਲਾਰੇ ਨੇ ਦੋਸ਼ ਲਾਇਆ ਕਿ ਸਟੇਅ ਆਰਡਰ ਦੀ ਉਲੰਘਣਾ ਕਰਦਿਆਂ ਦਿੱਲੀ ਪੁਲੀਸ ਨਾਲ ਮਿਲ ਕੇ ਡੀਡੀਏ ਨੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਧਮਕਾਉਣਾ ਜਾਰੀ ਰੱਖਿਆ ਹੈ ਅਤੇ ਹੋਰ ਉਸਾਰੀਆਂ ਢਾਹ ਦਿੱਤੀਆਂ ਹਨ। ਝੁੱਗੀ ਵਾਸੀਆਂ ਨੇ ਕਿਹਾ ਕਿ ਅੱਜ ਸਵੇਰੇ 9 ਵਜੇ ਬੁਲਡੋਜ਼ਰਾਂ ਨੇ ਫਿਰ ਤੋਂ ਝੁੱਗੀਆਂ ਢਾਹੁਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ ਵਿੱਚ ਉਹ ਛੋਟੇ ਬੱਚਿਆਂ ਨਾਲ ਕਿੱਥੇ ਜਾਣ। ਅਧਿਕਾਰੀਆਂ ਨੇ ਕਿਹਾ ਕਿ ਕਾਰਵਾਈ ਨਿਯਮਾਂ ਅਨੁਸਾਰ ਹੀ ਕੀਤੀ ਗਈ ਹੈ।