ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੁਲਾਈ
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਚੀਨੀ ਮਾਲ ਦੇ ਬਾਈਕਾਟ ਦੀ ਆਪਣੀ ਰਾਸ਼ਟਰੀ ਮੁਹਿੰਮ ਤਹਿਤ ‘ਭਾਰਤੀ ਚੀਜ਼ਾਂ-ਸਾਡਾ ਮਾਣ’ ਦਾ ਐਲਾਨ ਕਰਦਿਆਂ ਇਸ ਸਾਲ ਦੀ ਰੱਖੜੀ ਨੂੰ ਦੇਸ਼ ਭਰ ’ਚ ‘ਹਿੰਦੁਸਤਾਨੀ ਰੱਖੜੀ ਤਿਉਹਾਰ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਇਸ ਵਾਰ ਚੀਨ ਦੁਆਰਾ ਬਣਾਈ ਗਈ ਕੋਈ ਰੱਖੜੀ ਜਾਂ ਹੋਰ ਚੀਜ਼ ਨਹੀਂ ਵਰਤੀ ਜਾਏਗੀ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਬਹਾਦਰ ਸਿਪਾਹੀਆਂ ਨੂੰ ਉਤਸ਼ਾਹਤ ਕਰਨ ਲਈ ਰੱਖੜੀ ਦੀ ਮਹਿਲਾ ਵਿੰਗ, ਸਰਹੱਦਾਂ ਦੇ ਜਵਾਨਾਂ ਲਈ ਪੰਜ ਹਜ਼ਾਰ ਰੱਖੜੀਆਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦੇਵੇਗੀ। ਇਸ ਤੋਂ ਇਲਾਵਾ ਦੇਸ਼ ਦੇ ਹਰੇਕ ਸ਼ਹਿਰ ’ਚ ਮਿਲਟਰੀ ਹਸਪਤਾਲਾਂ ’ਚ ਭਰਤੀ ਕੀਤੇ ਗਏ ਜਵਾਨਾਂ ਨੂੰ ਰੱਖੜੀਆਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਮਹਿਲਾ ਵਿੰਗ ਹਸਪਤਾਲਾਂ ‘ਚ ਜਾ ਕੇ ਖ਼ੁਦ ਰੱਖੜੀਆਂ ਬੰਨ੍ਹੇਗੀ। ਦੇਸ਼ ’ਚ ਰੱਖੜੀ ਦੇ ਤਿਉਹਾਰ ਮੌਕੇ ਲਗਪਗ 6 ਹਜ਼ਾਰ ਕਰੋੜ ਦਾ ਵਪਾਰ ਹੋਣ ਦਾ ਅਨੁਮਾਨ ਹੈ ਜਿਸ ’ਚ ਇਕੱਲੇ ਚੀਨ ’ਚ ਹੀ ਤਕਰੀਬਨ 4 ਹਜ਼ਾਰ ਕਰੋੜ ਦਾ ਵਪਾਰ ਹੁੰਦਾ ਹੈ। ਰੱਖੜੀ ਦੇ ਮੌਕੇ ‘ਤੇ ਜਿਥੇ ਚੀਨ ਤੋਂ ਬਣੀਆਂ ਰੱਖੜੀਆਂ ਆਉਂਦੀਆਂ ਹਨ ਉਥੇ ਦੂਜੇ ਪਾਸੇ ਰੱਖੜੀ ਬਣਾਉਣ ਵਾਲੀਆਂ ਚੀਜ਼ਾਂ ਜਿਵੇਂ ਝੱਗ, ਕਾਗਜ਼, ਰਾਖੀ ਦੇ ਧਾਗੇ, ਮੋਤੀ, ਤੁਪਕੇ, ਰੱਖੜੀ ਦੇ ਉੱਪਰ ਸਜ਼ਾਵਟੀ ਵਸਤੂਆਂ ਆਦਿ ਚੀਨ ਤੋਂ ਦਰਆਮਦ ਹੁੰਦੀਆਂ ਹਨ। ਕੈਟ ਵੱਲੋਂ ਬਾਈਕਾਟ ਕਾਰਨ ਇਸ ਸਾਲ ਰੱਖੜੀ ’ਚ ਕੋਈ ਚੀਨੀ ਚੀਜ਼ਾਂ ਨਹੀਂ ਵਰਤੀਆਂ ਜਾਣਗੀਆਂ ਜਿਸ ਕਾਰਨ ਚੀਨ ਲਗਪਗ 4 ਹਜ਼ਾਰ ਕਰੋੜ ਦਾ ਕਾਰੋਬਾਰ ਗਵਾਉਣ ਵਾਲਾ ਹੈ। ਭਾਰਤ-ਚੀਨ ਹੱਦ ’ਤੇ ਵਧੇ ਤਣਾਅ ਕਾਰਨ ਦੇਸ਼ ਵਿੱਚ ਜ਼ਿਆਦਾਤਰ ਵਪਾਰੀਆਂ ਵੱਲੋਂ ਚੀਨੀ ਵਸਤਾਂ ਦਾ ਬਾਈਕਾਟ ਕੀਤਾ ਗਿਆ ਹੈ ਤੇ ਉਨ੍ਹਾਂ ਵਿੱਚ ਚੀਨ ਖ਼ਿਲਾਫ਼ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।