ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਕਤੂਬਰ
ਭਾਰਤ ਸਥਿਤ ਅਮਰੀਕੀ ਸਫ਼ਾਰਤਖਾਨੇ ਦਾ ਵਫ਼ਦ ਅੱਜ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਵਫ਼ਦ ਵਿਚ ਮਿਸ਼ੇਲ ਬਰਨਿਅਰ ਟੋਥ ਸਪੈਸ਼ਲ ਐਡਵਾਈਜ਼ਰ ਟੂ ਚਿਲਡ੍ਰਨ ਇਸ਼ੂਜ਼, ਐਬੋਨੀ ਜੈਕਸਨ ਬ੍ਰਾਂਚ ਚੀਫ, ਡੋਨ ਹੈਫਲਿਨ ਮਿਨਿਸਟਰ ਕੌਂਸਲਰ ਫਾਰ ਕੌਂਸਲਰ ਅਫੇਅਰਜ਼ ਬ੍ਰੈਂਨਡੈਨ ਮੁਲਾਰਕੀ, ਜੇਅਰਡ ਹੈਸ ਅਟਾਰਨੀ ਐਡਵਾਈਜ਼ਰ ਅਤੇ ਵਿਨਸੈਂਟ ਕਿਉਂਗ ਕ੍ਰਿਸਟੀਨਾ ਲਿਓਨ ਵਾਈਸ ਕੌਂਸਲ ਦੇ ਨਾਲ ਹੋਰ ਪਤਵੰਤੇ ਸ਼ਾਮਲ ਸਨ।
ਇਸ ਵਫ਼ਦ ਨੇ ਗੁਰੂਘਰ ਮੱਥਾ ਟੇਕਿਆ ਤੇ ਕੁਝ ਸਮੇਂ ਵਾਸਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਵਫ਼ਦ ਨੇ ਗੁਰਦੁਆਰਾ ਸਾਹਿਬ ਵਿਚ ਪਰਿਕਰਮਾ ਕੀਤੀ। ਵਫ਼ਦ ਮੈਂਬਰਾਂ ਨੇ ਵਿਜ਼ਟਰ ਬੁੱਕ ਵਿਚ ਆਪਣੀਆਂ ਭਾਵਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਲਿਖਿਆ ਕਿ ਇਸ ਥਾਂ ’ਤੇ ਨਤਮਸਤਕ ਹੋ ਕੇ ਦਿਲੀ ਸਕੂਨ ਮਿਲਿਆ ਹੈ। ਉਨ੍ਹਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸਿਫ਼ਤ ਕਰਦਿਆਂ ਲਿਖਿਆ ਹੈ ਕਿ ਗੁਰੂ ਘਰ ਨਤਮਸਤਕ ਹੋਣ ਵਾਲਿਆਂ ਲਈ ਜਿਸ ਤਰੀਕੇ ਦਿੱਲੀ ਕਮੇਟੀ ਨੇ ਪਿਆਰ ਵਿਖਾਇਆ ਹੈ, ਉਹ ਇਸ ਦੇ ਕਾਇਲ ਹਨ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਨੇ ਵਫ਼ਦ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਤ ਕੀਤਾ। ਇਸ ਮੌਕੇ ਸ੍ਰੀ ਕਾਹਲੋਂ ਨੇ ਵਫ਼ਦ ਨੂੰ ਦੱਸਿਆ ਕਿ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਇਸ ਅਸਥਾਨ ’ਤੇ ਦੇਸ਼ ਵਿਦੇਸ਼ ਦੀਆਂ ਸਤਿਕਾਰਤ ਹਸਤੀਆਂ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਮੇਂ ਦੇ ਖੂਹ ਦੇ ਜਲ ਨਾਲ ਸੰਗਤ ਆਪਣਾ ਤਨ ਤੇ ਮਨ ਨਿਰੋਗੀ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪ ਰਹਿਮਤ ਬਖਸ਼ ਕੇ ਦਿੱਲੀ ਨੂੰ ਮਹਾਮਾਰੀ ਦੇ ਚੁੰਗਲ ਵਿੱਚੋਂ ਕੱਢਿਆ ਸੀ ਤੇ ਅੱਜ ਵੀ ਗੁਰੂ ਸਾਹਿਬ ਦੀ ਰਹਿਮਤ ਨਾਲ ਸੰਗਤ ਇੱਥੇ ਆਪਣੇ ਕਸ਼ਟ ਨਿਵਾਰਨ ਵਾਸਤੇ ਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਜੀਵਨ ਵਿਚ ਤਰੱਕੀ ਤੇ ਖੁਸ਼ਹਾਲੀ ਪਾਉਣ ਵਾਸਤੇ ਨਤਮਸਤਕ ਹੁੰਦੀ ਹੈ। ਕਾਹਲੋਂ ਨੇ ਦੱਸਿਆ ਕਿ ਅਮਰੀਕੀ ਵਫ਼ਦ ਨੇ ਉਹ ਰਸੋਈ ਘਰ ਤੇ ਲੰਗਰ ਹਾਲ ਵੇਖਣ ਦੀ ਵੀ ਇੱਛਾ ਜ਼ਾਹਰ ਕੀਤੀ ਜਿੱਥੇ ਕਰੋਨਾ ਕਾਲ ਵਿਚ ਰੋਜ਼ਾਨਾ ਦੋ ਲੱਖ ਲੋਕਾਂ ਲਈ ਲੰਗਰ ਤਿਆਰ ਹੁੰਦਾ ਸੀ। ਇਸ ਮੌਕੇ ਸ੍ਰੀ ਕਾਹਲੋਂ ਤੇ ਕਮੇਟੀ ਦੀ ਟੀਮ ਨੇ ਵਫ਼ਦ ਨੂੰ ਲੰਗਰ ਹਾਲ ਤੇ ਰਸੋਈ ਵੀ ਵਿਖਾਈ ਤੇ ਵਫ਼ਦ ਨੇ ਦਿਲਚਸਪੀ ਨਾਲ ਸਾਰੀ ਥਾਂ ਵੇਖੀ ਤੇ ਕਮੇਟੀ ਵੱਲੋਂ ਕਰੋਨਾ ਕਾਲ ਵਿਚ ਕੀਤੀ ਸੇਵਾ ਦੀ ਵਡਿਆਈ ਕੀਤੀ।