ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜਨਵਰੀ
ਸੈਂਟਰ ਫਾਰ ਹੋਲਿਸਟਿਕ ਡਿਵੈਲਪਮੈਂਟ (ਸੀਐੱਚਡੀ) ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਪਿਛਲੇ 28 ਦਿਨਾਂ ਵਿੱਚ ਦਿੱਲੀ ਵਿੱਚ ਕਾਫ਼ੀ ਜ਼ਿਆਦਾ ਠੰਢ ਕਾਰਨ 172 ਬੇਘਰੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੀਐੱਚਡੀ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ (ਡੀਯੂਐਸਆਈਬੀ) ਦੇ ਚੇਅਰਪਰਸਨ ਵੀ ਹਨ, ਨੂੰ ਵਿਸਤ੍ਰਿਤ ਰਿਪੋਰਟ ਸਮੇਤ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਹੈ ਕਿ ਸਰਦੀਆਂ ਦੌਰਾਨ ਬੇਘਰੇ ਲੋਕਾਂ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਇਸ ਰਿਪੋਰਟ ਦਾ ਨੋਟਿਸ ਲੈਂਦਿਆਂ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਟਵੀਟ ਕੀਤਾ ਕਿ ਇਹ ਖ਼ਬਰ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ।
ਸੀਐੱਚਡੀ ਦੇ ਇੱਕ ਅਧਿਕਾਰੀ ਅਨੁਸਾਰ ਸਰਾਏ ਕਾਲੇ ਖਾਨ, ਆਸਿਫ ਅਲੀ ਰੋਡ, ਕਸ਼ਮੀਰ ਗੇਟ, ਆਜ਼ਾਦਪੁਰ, ਨਿਜ਼ਾਮੂਦੀਨ, ਓਖਲਾ, ਚਾਂਦਨੀ ਚੌਕ ਅਤੇ ਦਿੱਲੀ ਗੇਟ ਆਦਿ ਥਾਵਾਂ ’ਤੇ ਬੇਘਰੇ ਲੋਕ ਵੱਡੀ ਗਿਣਤੀ ਵਿੱਚ ਖੁੱਲ੍ਹੇ ਵਿੱਚ ਸੌਂਦੇ ਹਨ। ਐੱਨਜੀਓ ਨੇ 25 ਜਨਵਰੀ ਨੂੰ ਦਾਅਵਾ ਕੀਤਾ ਸੀ ਕਿ ਦਿੱਲੀ ਵਿੱਚ ਘੱਟ ਤੋਂ ਘੱਟ 106 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੇਘਰੇ ਸਨ। ਦਿੱਲੀ ਵਿੱਚ ਇਸ ਸਾਲ ਜਨਵਰੀ ਮਹੀਨੇ ਵਿੱਚ 88.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜੋ ਹੁਣ ਤੱਕ ਦਾ ਰਿਕਾਰਡ ਹੈ।
ਕੇਜਰੀਵਾਲ ਨੂੰ ਸਿਰਫ਼ ਆਪਣੀ ਤੇ ਆਪਣੇ ਮੰਤਰੀਆਂ ਦੀ ਚਿੰਤਾ: ਅਨਿਲ ਕੁਮਾਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਹੈਰਾਨੀ ਪ੍ਰਗਟਾਈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ੁਦ ਨੂੰ ਦਿੱਲੀ ਦਾ ਪੁੱਤਰ ਅਖਵਾਉਂਦੇ ਹਨ, ਪਰ ਦਿੱਲੀ ਵਿੱਚ ਜਨਵਰੀ ਦੇ ਪਹਿਲੇ 28 ਦਿਨਾਂ ਵਿੱਚ 172 ਬੇਘਰੇ ਲੋਕਾਂ ਦੀ ਠੰਢ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸੱਚ ਤਾਂ ਇਹ ਹੈ ਕਿ ਸੜਕਾਂ ’ਤੇ ਰਹਿ ਰਹੇ ਗ਼ਰੀਬਾਂ ਨੂੰ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਸਰਕਾਰ ਨੇ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਸਿਰਫ਼ ਦਿੱਲੀ ਦੇ ਲੋਕਾਂ ਦੀ ਨਹੀਂ ਸਗੋਂ ਆਪਣੀ ਤੇ ਆਪਣੇ ਮੰਤਰੀਆਂ ਦੀ ਚਿੰਤਾ ਹੈ| ਉਹ ਚੋਣਾਂ ਵਾਲੇ ਸੂਬਿਆਂ ਵਿੱਚ ਆਪਣੀ ਰਾਜਨੀਤੀ ਚਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ ਦਿੱਲੀ ਦੇ ਬੇਘਰੇ ਗ਼ਰੀਬਾਂ ਨੂੰ ਹਰ ਪਾਸੇ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭਾਵੇਂ ਕੜਾਕੇ ਦੀ ਠੰਢ ਹੋਵੇ, ਕਰੋਨਾ ਮਹਾਮਾਰੀ ਹੋਵੇ ਜਾਂ ਫਿਰ ਪ੍ਰਦੂਸ਼ਣ। ਇਨ੍ਹਾਂ ਸਾਰੇ ਮਾੜੇ ਹਾਲਾਤ ਵਿੱਚ ਦਿੱਲੀ ਦੇ ਗ਼ਰੀਬਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ।