ਨਵੀਂ ਦਿੱਲੀ, 29 ਜੁਲਾਈ
ਲੋਕ ਸਭਾ ਵਿਚ ਸੋਮਵਾਰ ਨੂੰ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਰਾਜਧਾਨੀ ਦੇ ਇਕ ਕੋਚਿੰਗ ਸੈਂਟਰ ਦੀ ਬੈਸਮੈਂਟ ਵਿਚ ਪਾਣੀ ਭਰਨ ਕਾਰਨ ਤਿੰਨ ਵਿਦਿਆਰਥੀਆਂ ਦੀ ਹੋਈ ਮੌਤ ਦਾ ਮੁੱਦਾ ਉਠਾਉਂਦਿਆਂ ਮਾਮਲੇ ਦੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮੈਂਬਰਾਂ ਨੇ ਦਿੱਲੀ ਦੇ ਨਾਲਿਆਂ ਦੀ ਸਫਾਈ ਨਾ ਹੋਣ ਅਤੇ ਨਿਰਮਾਣ ਤੇ ਸੁਰੱਖਿਆ ਮਾਪਦੰਡਾ ਦੀ ਉਲੰਘਣਾ ਲਈ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਸਿਫ਼ਰ ਕਾਲ ਦੌਰਾਨ ਨਵੀਂ ਦਿੱਲੀ ਸੰਸਦੀ ਹਲਕੇ ਤੋਂ ਭਾਜਪਾ ਮੈਂਬਰ ਬਾਂਸੁਰੀ ਸਵਰਾਜ ਨੇ ਗ੍ਰਹਿ ਮੰਤਰਾਲਾ ਨੂੰ ਇਸ ਹਾਦਸੇ ਦੀ ਵਿਆਪਕ ਜਾਂਚ ਲਈ ਕਮੇਟੀ ਗਠਨ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਕਾਂਗਰਸੀ ਮੈਂਬਰ ਸ਼ਸ਼ੀ ਥਰੂਰ, ਹਿਬੀ ਇਡਨ, ਆਜ਼ਾਦ ਮੈਂਬਰ ਰਾਜੇਸ਼ ਰੰਜਨ, ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਕੋਚਿੰਗ ਸੈਂਟਰ ਅਤੇ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। -ਪੀਟੀਆਈ